ਲੰਡਨ/ਬਰਲਿਨ/ਕੀਵ, 4 ਮਾਰਚ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਦਫ਼ਤਰ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਪਰਮਾਣੂ ਪਲਾਂਟ ’ਤੇ ਹਮਲੇ ਦਾ ਮੁੱਦਾ ਉਹ ਰੂਸ ਅਤੇ ਨੇੜਲੇ ਭਾਈਵਾਲਾਂ ਨਾਲ ਉਠਾਉਣਗੇ। ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਨੇ ਕਿਹਾ ਕਿ ਜਰਮਨੀ ਤੇ ਉਨ੍ਹਾਂ ਦੇ ਭਾਈਵਾਲਾਂ ਨੇ ਪੱਕਾ ਕਰ ਲਿਆ ਹੈ ਕਿ ਪਰਮਾਣੂ ਪਲਾਂਟ ’ਚ ਅੱਗ ਨਾਲ ਅਜੇ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਯੂਕਰੇਨ ’ਚ ਹਾਲਾਤ ਕਿੰਨੇ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਸਾਰੇ ਰਲ ਕੇ ਇਹ ਯਕੀਨੀ ਬਣਾ ਰਹੇ ਹਨ ਕਿ ਕੋਈ ਵੀ ਨਾਟੋ ਮੁਲਕਾਂ ’ਤੇ ਹਮਲਾ ਨਾ ਕਰ ਸਕੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪਰਮਾਣੂ ਪਲਾਂਟ ’ਤੇ ਗੋਲਾਬਾਰੀ ਕਾਰਨ ਮੁਲਕ ਨੂੰ ਨੋ ਫਲਾਈ ਜ਼ੋਨ ਐਲਾਨਿਆ ਜਾਵੇ। ਉਸ ਨੇ ਕਿਹਾ ਕਿ ਪਲਾਂਟ ’ਚੋਂ ਜੇਕਰ ਰੇਡੀਏਸ਼ਨ ਦਾ ਰਿਸਾਅ ਹੋ ਜਾਂਦਾ ਤਾਂ ਛੇ ਚਰਨੋਬਿਲ ਵਰਗੇ ਹਾਦਸੇ ਵਾਪਰ ਸਕਦੇ ਸਨ। ਉਸ ਨੇ ਦਾਅਵਾ ਕੀਤਾ ਕਿ ਰੂਸੀ ਟੈਂਕ ਜਾਣਦੇ ਸਨ ਕਿ ਉਹ ਗੋਲਾਬਾਰੀ ਕਿੱਥੇ ਕਰ ਰਹੇ ਹਨ ਅਤੇ ਇਹ ਵੱਖਰੇ ਪੱਧਰ ਦਾ ਅਤਿਵਾਦ ਹੈ। ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਪਰਮਾਣੂ ਪਲਾਂਟ ’ਚ ਲੱਗੀ ਅੱਗ ਬਾਰੇ ਜਾਣਕਾਰੀ ਦਿੱਤੀ। ਬਾਇਡਨ ਤੇ ਜ਼ੇਲੈਂਸਕੀ ਨੇ ਰੂਸ ਨੂੰ ਅਪੀਲ ਕੀਤੀ ਕਿ ਉਹ ਜੰਗ ਤੁਰੰਤ ਬੰਦ ਕਰੇ। ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਨੇ ਪਰਮਾਣੂ ਪਲਾਂਟ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਪੂਰੀ ਮਾਨਵਤਾ ਖ਼ਿਲਾਫ਼ ਹਮਲਾ ਕਰਾਰ ਦਿੱਤਾ। ਜਰਮਨੀ ਦੇ ਵਿਦੇਸ਼ ਮੰਤਰੀ ਅੰਨਾਲੇਨਾ ਬਾਯਰਬੋਕ ਨੇ ਰੂਸ ’ਤੇ ਤਬਾਹੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਯੂਕਰੇਨ ਖ਼ਿਲਾਫ਼ ਜੰਗ ਨਾਲ ਪੂਤਿਨ ਦਾ ਆਪਣਾ ਮੁਲਕ ਵੀ ਬਰਬਾਦ ਹੋ ਰਿਹਾ ਹੈ। ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਵੀ ਪਰਮਾਣੂ ਪਾਵਰ ਪਲਾਂਟ ’ਤੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਰੂਸ ਨੂੰ ਆਪਣੀ ਸਾਰੀ ਫ਼ੌਜ ਵਾਪਸ ਸੱਦਣ ਲਈ ਕਿਹਾ। ਨੌਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਹਰ ਸਟੋਰ ਨੇ ਕਿਹਾ ਕਿ ਇਹ ਪਾਗਲਪਣ ਦੀ ਮਿਸਾਲ ਹੈ। ਚੀਨ ਨੇ ਕਿਹਾ ਕਿ ਉਹ ਯੂਕਰੇਨ ’ਚ ਪਰਮਾਣੂ ਪਲਾਂਟਾਂ ਦੀ ਸੁਰੱਖਿਆ ਲਈ ਫਿਕਰਮੰਦ ਹੈ। ਉਸ ਨੇ ਸਾਰੀਆਂ ਧਿਰਾਂ ਨੂੰ ਸ਼ਾਂਤ ਤੇ ਸੰਜਮ ਰੱਖਣ ਦੀ ਸਲਾਹ ਦਿੱਤੀ ਹੈ। -ਏਪੀ