ਟੋਰਾਂਟੋ, 16 ਸਤੰਬਰ
ਭਾਰਤ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹਾਈ ਸਕੂਲ ਦੇ 17 ਸਾਲਾ ਸਿੱਖ ਵਿਦਿਆਰਥੀ ’ਤੇ ਹਮਲੇ ਅਤੇ ਰਿੱਛ ਨੂੰ ਭਜਾਉਣ/ਡਰਾਉਣ ਵਾਲੀ ਸਪਰੇਅ ਵਰਤਣ ਦੀ ਨਿਖੇਧੀ ਕੀਤੀ ਹੈ। ਵੈਨਕੁਵਰ ਸਥਿਤ ਭਾਰਤੀ ਕੌਂਸੁਲੇਟ ਜਨਰਲ ਨੇ ਸਥਾਨਕ ਅਥਾਰਿਟੀਜ਼ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਸਾਜ਼ਿਸ਼ਘਾੜਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਇਹ ਘਟਨਾ 11 ਸਤੰਬਰ ਦੀ ਦੱਸੀ ਜਾਂਦੀ ਹੈ ਤੇ ਜਦੋਂ ਹਮਲਾ ਹੋਇਆ ਉਦੋਂ ਸਿੱਖ ਵਿਦਿਆਰਥੀ ਕੇਲੋਵਨਾ ਵਿੱਚ ਸਕੂਲ ਤੋਂ ਆਪਣੇ ਘਰ ਪਰਤ ਰਿਹਾ ਸੀ। ਕੇਲੋਵਨਾ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਇਕ ਬਿਆਨ ਵਿੱਚ ਕਿਹਾ ਕਿ ਸਿੱਖ ਵਿਦਿਆਰਥੀ ’ਤੇ ਹਮਲਾ ਓਕਾਨਾਗਨ ਸ਼ਹਿਰ ਵਿੱਚ ਰੁਟਲੈਂਡ ਰੋਡ ਤੇ ਰੋਬਸਨ ਰੋਡ ਦੇ ਚੋਰਾਹੇ ’ਤੇ ਬੱਸ ਸਟਾਪ ਨਜ਼ਦੀਕ ਸ਼ਾਮੀਂ 4 ਵਜੇ ਦੇ ਕਰੀਬ ਹੋਇਆ। ਰੌਇਲ ਪੁਲੀਸ ਨੇ ਹਮਲੇ ਦੇ ਦੋਸ਼ ਵਿੱਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਧਰ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਕ ਬਿਆਨ ਵਿੱਚ ਹਮਲੇ ਦੀ ਨਿਖੇਧੀ ਕੀਤੀ ਹੈ। -ਪੀਟੀਆਈ