ਯੇਰੂਸ਼ਲਮ, 2 ਨਵੰਬਰ
ਕੇਂਦਰੀ ਇਜ਼ਰਾਇਲੀ ਸ਼ਹਿਰ ’ਤੇ ਹਮਲਾ ਕੀਤਾ ਗਿਆ, ਜਿਸ ’ਚ 11 ਜਣੇ ਜ਼ਖ਼ਮੀ ਹੋ ਗਏ। ਇਹ ਹਮਲਾ ਇਰਾਨ ਦੇ ਸਰਵਉੱਚ ਆਗੂ ਵੱਲੋਂ ਇਜ਼ਰਾਈਲ ਨੂੰ ਸਬਕ ਸਿਖਾਉਣ ਸਬੰਧੀ ਦਿੱਤੀ ਗਏ ਬਿਆਨ ਤੋਂ ਬਾਅਦ ਕੀਤਾ ਗਿਆ ਹੈ। ਦਿਨ ਚੜ੍ਹਨ ਤੋਂ ਪਹਿਲਾਂ ਟੀਰਾ ’ਤੇ ਕੀਤਾ ਗਿਆ ਹਮਲਾ ਲਿਬਨਾਨ ਤੋਂ ਦਿਨ ਦੀ ਸ਼ੁਰੂਆਤ ’ਚ ਦਾਗ਼ੇ ਗਏ ਕਈ ਮਿਜ਼ਾਈਲਾਂ ’ਚੋਂ ਇੱਕ ਸੀ। ਕਈ ਮਿਜ਼ਾਈਲਾਂ ਇਜ਼ਰਾਇਲੀ ਹਵਾਈ ਰੱਖਿਆ ਪ੍ਰਣਾਲੀ ਨੇ ਰੋਕ ਦਿੱਤੀਆਂ ਜਦਕਿ ਬਾਕੀ ਹੋਰ ਗ਼ੈਰ-ਅਬਾਦੀ ਵਾਲੇ ਖੇਤਰਾਂ ’ਚ ਡਿੱਗੀਆਂ।
ਐਮਰਜੈਂਸੀ ਸੇਵਾਵਾਂ ਵਿਭਾਗ ਦੇ ਮੈਗੇਨ ਡੇਵਿਡ ਐਡਮ ਨੇ ਕਿਹਾ ਕਿ ਇਸ ਹਮਲੇ ’ਚ 11 ਜਣੇ ਜ਼ਖ਼ਮੀ ਹੋਏ ਹਨ। ਇਨ੍ਹਾਂ ’ਚੋਂ ਤਿੰਨ ਨੂੰ ਗੰਭੀਰ, ਜਦਕਿ ਬਾਕੀਆਂ ਨੂੰ ਹਲਕੀਆਂ ਸੱਟਾਂ ਵੱਜੀਆਂ ਹਨ। ਇਸ ਸਬੰਧੀ ਜਾਰੀ ਵੀਡੀਓ ਫੁਟੇਜ ’ਚ ਇੱਕ ਤਿੰਨ ਮੰਜ਼ਿਲਾ ਇਮਾਰਤ ਨੁਕਸਾਨੀ ਹੋਈ ਦਿਖਾਈ ਦੇ ਰਹੀ ਹੈ। ਲਿਬਨਾਨ ਦੀ ਇਰਾਨ ਤੋਂ ਹਮਾਇਤ ਪ੍ਰਾਪਤ ਜਥੇਬੰਦੀ ਹਿਜ਼ਬੁੱਲ੍ਹਾ ਧੜੇ ਨੇ ਤਲ ਅਵੀਵ ਕਿਨਾਰੇ ਗਲਿਲੋਟ ’ਚ ਇਜ਼ਰਾਇਲੀ ਸੈਨਾ ਦੀ ਯੂਨਿਟ 8200 ਬੇਸ ’ਤੇ ਮਿਜ਼ਾਈਲਾਂ ਦਾਗੇ ਜਾਣ ਤੇ ਮੱਧ ਇਜ਼ਰਾਈਲ ਦੇ ਪਾਮਾਚਿਮ ਏਅਰ ਬੇਸ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਜ਼ਰਾਇਲੀ ਸੈਨਾ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਸ ਦੇ ਫੌਜੀ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਾਂ ਨਹੀਂ। ਹਿਜ਼ਬੁੱਲਾ ਨੇ ਕਿਹਾ ਕਿ ਗਲਿਲੋਟ ’ਤੇ ਅੱਜ ਸਵੇਰੇ ਕੀਤਾ ਗਿਆ ਮਿਜ਼ਾਈਲ ਹਮਲਾ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਕਤਲੇਆਮ ਦਾ ਬਦਲਾ ਸੀ। -ਏਪੀ