ਓਗਾਡੋਊਗੂ (ਬਰਕੀਨਾ ਫਾਸੋ), 2 ਅਕਤੂਬਰ
ਬਰਕੀਨਾ ਫਾਸੋ ’ਚ ਤਖ਼ਤਾ ਪਲਟ ਮਗਰੋਂ ਲੋਕਾਂ ਨੇ ਫਰਾਂਸੀਸੀ ਸਫ਼ਾਰਤਖਾਨੇ ’ਤੇ ਹਮਲਾ ਕਰ ਦਿੱਤਾ। ਲੋਕਾਂ ਨੂੰ ਸ਼ੱਕ ਸੀ ਕਿ ਸੱਤਾ ਤੋਂ ਬੇਦਖ਼ਲ ਕੀਤੇ ਗਏ ਅੰਤਰਿਮ ਰਾਸ਼ਟਰਪਤੀ ਲੈਫ਼ਟੀਨੈਂਟ ਕਰਨਲ ਪੌਲ ਹੈਨਰੀ ਸੈਂਡਾਓਗੋ ਡਾਮੀਬਾ ਨੂੰ ਫਰਾਂਸ ਨੇ ਆਪਣੇ ਸਫ਼ਾਰਤਖਾਨੇ ’ਚ ਪਨਾਹ ਦਿੱਤੀ ਹੋਈ ਹੈ। ਰੋਹ ’ਚ ਆਏ ਪ੍ਰਦਰਸ਼ਨਕਾਰੀਆਂ ਨੇ ਫਰਾਂਸੀਸੀ ਸਫ਼ਾਰਤਖਾਨੇ ਅਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਉਂਜ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਦੋਸ਼ਾਂ ਨੂੰ ਨਕਾਰਿਆ ਹੈ। ਫਰਾਂਸੀਸੀ ਵਿਦੇਸ਼ ਮੰਤਰਾਲੇ ਨੇ ਆਪਣੇ ਸਫ਼ਾਰਤਖਾਨੇ ’ਤੇ ਹੋਏ ਹਮਲੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਂਜ ਡਾਮੀਬਾ ਦੇ ਥਹੁ-ਟਿਕਾਣੇ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਡਾਮੀਬਾ ’ਤੇ ਇਸਲਾਮਿਕ ਕੱਟੜਵਾਦੀਆਂ ਦੀ ਵਧਦੀ ਹਿੰਸਾ ਨਾਲ ਸਿੱਝਣ ’ਚ ਨਾਕਾਮ ਰਹਿਣ ਦੇ ਦੋਸ਼ ਲੱਗੇ ਹਨ। ਉਧਰ ਬਰਕੀਨਾ ਫਾਸੋ ਦੀ ਨਵੀਂ ਜੁੰਟਾ ਲੀਡਰਸ਼ਿਪ ਨੇ ਦੇਸ਼ ’ਚ ਅਸ਼ਾਂਤੀ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ। -ਏਪੀ