ਸਤਬਿੀਰ ਿਸੰਘ
ਬਰੈਂਪਟਨ, 5 ਅਗਸਤ
ਪੰਜਾਬ ਦੇ ਸੀਨੀਅਰ ਅਕਾਲੀ ਆਗੂ ਸੀਤਲ ਸਿੰਘ ਤਾਜਪੁਰੀ ਦੇ ਪੁੱਤਰ ਅਤੇ ਕੈਨੇਡਾ ਵਿਚ ਟੀਵੀ ਪੱਤਰਕਾਰ ਜੋਤੀ ਮਾਨ ਵੀਰਵਾਰ ਸਵੇਰੇ 8 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਸੰਨੀ ਬਰੁਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਮਲਾਵਰ, ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ, ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਕੈਨੇਡਾ ਪੁਲੀਸ ਮੁਤਾਬਕ ਹਮਲਾਵਰਾਂ ਦੇ ਮੂੰਹ ਬੰਨੇ ਹੋਏ ਸਨ। ਪੁਲੀਸ ਨੇ ਬਰੈਂਪਟਨ ਵਿਚਲੇ ਮੇਹਫੀਲਡ ਇਲਾਕੇ ਨੂੰ ਸੀਲ ਕਰ ਦਿਤਾ ਹੈ। ਪੁਲੀਸ ਜੋਤੀ ਮਾਨ ਦੇ ਘਰ ਅਤੇ ਨੇੜਲੇ ਸੀਸੀਟੀਵੀ’ਜ਼ ਦੀ ਮਦਦ ਨਾਲ ਹਮਲਾਵਰਾਂ ਦੀ ਸ਼ਨਾਖਤ ਕਰਨ ਵਿਚ ਰੁੱਝ ਗਈ ਹੈ, ਪਰ ਅਜੇ ਤੱਕ ਪੁਲੀਸ ਹੱਥ ਕੋਈ ਸੁਰਾਗ ਨਹੀਂ ਲੱਗਾ। ਜੋਤੀ ਮਾਨ ’ਤੇ ਹਮਲਾ ਮੁਕਾਮੀ ਸਮੇਂ ਮੁਤਾਬਕ ਸਵੇਰੇ 8 ਵਜੇ ਉਦੋਂ ਹੋਇਆ ਜਦੋਂ ਉਹ ਟੀਵੀ ਪ੍ਰੋਗਰਾਮ ਕਰਨ ਲਈ ਘਰੋਂ ਨਿਕਲ ਕੇ ਆਪਣੀ ਕਾਰ ਵਿਚ ਬੈਠਣ ਲੱਗਾ ਸੀ। ਪੱਤਰਕਾਰ ਨੇ ਕਾਰ ਦੀ ਤਾਕੀ ਖੋਲ੍ਹੀ ਸੀ ਕਿ ਪਹਿਲਾਂ ਤੋਂ ਘਾਤ ਲਾਈ ਬੈਠੇ ਹਮਲਾਵਰਾਂ ਨੇ ਪਿੱਛੋਂ ਤਿੱਖੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਜੋਤੀ ਮਾਨ ਸਿੱਧੂ ਮੂਸੇਵਾਲਾ ਦੇ ਫੈਨ ਹਨ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੂਸੇਵਾਲਾ ਨੂੰ ਸਮਰਪਿਤ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਦੇ ਸਿਰਾਂ ’ਤੇ ਦਸਤਾਰਾਂ ਸਜਾਈਆਂ ਸਨ। ਪੱਤਰਕਾਰ ਦਾ ਘਰੇਲੂ ਨਾਮ ਗਗਨਦੀਪ ਸਿੰਘ ਮਾਨ ਹੈ, ਪਰ ਕੈਨੇਡਾ ਵਿੱਚ ਉਹ ਜੋਤੀ ਮਾਨ ਵਜੋਂ ਜਾਣੇ ਜਾਂਦੇ ਹਨ।