ਕਾਬੁਲ, 9 ਸਤੰਬਰ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਦੇ ਕਾਫ਼ਲੇ ’ਤੇ ਹਮਲਾ ਹੋਇਆ, ਜਿਸ ਕਾਰਨ ਦਸ ਵਿਅਕਤੀ ਮਾਰੇ ਗਏ ਜਦਕਿ 31 ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਉਪ-ਰਾਸ਼ਟਰਪਤੀ ਦੇ ਅੰਗ-ਰੱਖਿਅਕ ਵੀ ਸ਼ਾਮਲ ਹਨ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਤਾਲਿਬਾਨ ਨੇ ਵੀ ਇਸ ਹਮਲੇ ਪਿੱਛੇ ਹੱਥ ਹੋਣ ਤੋਂ ਇਨਕਾਰ ਕੀਤਾ ਹੈ।
ਬੰਬ ਧਮਾਕੇ ’ਚ ਉਪ-ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਬੰਬ ਸੜਕ ਕਿਨਾਰੇ ਇੱਕ ਗੱਡੇ ਵਿੱਚ ਛਿਪਾ ਕੇ ਰੱਖਿਆ ਗਿਆ ਸੀ ਅਤੇ ਜਿਵੇਂ ਹੀ ਕਾਫ਼ਲਾ ਕੋਲੋਂ ਲੰਘਿਆ, ਇਹ ਫਟ ਗਿਆ।
ਸ੍ਰੀ ਸਾਲੇਹ ਜੋ ਅਫ਼ਗਾਨਿਸਤਾਨ ਦੇ ਸਾਬਕਾ ਇੰਟੈਲੀਜੈਂਸ ਮੁਖੀ ਵੀ ਰਹੇ ਹਨ, ਨੇ ਹਮਲੇ ਤੋਂ ਤੁਰੰਤ ਮਗਰੋਂ ਟੀਵੀ ’ਤੇ ਦੱਸਿਆ ਕਿ ਉਹ ਠੀਕ ਹਨ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਮੌਕੇ ਉਨ੍ਹਾਂ ਦੇ ਇੱਕ ਹੱਥ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ।
-ਏਪੀ
ਭਾਰਤ ਨੇ ਹਮਲੇ ਦੀ ਨਿਖੇਧੀ ਕੀਤੀ
ਨਵੀਂ ਦਿੱਲੀ: ਭਾਰਤ ਨੇ ਅਫ਼ਗਾਨਿਸਤਾਨ ਦੇ ਉਪ-ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ’ਤੇ ਹੋਏ ਬੰਬ ਧਮਾਕੇ ਦੀ ਨਿਖੇਧੀ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਟਵਿੱਟਰ ’ਤੇ ਲਿਖਿਆ,‘ਭਾਰਤ, ਅਫ਼ਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ’ਤੇ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ, ਅਫ਼ਗਾਨਿਸਤਾਨ ਵਿੱਚ ਸ਼ਾਂਤੀ ਸਥਾਪਤ ਕਰਨ ਵਾਸਤੇ ‘ਦਹਿਸ਼ਤਗਰਦਾਂ ਦੇ ਬੁਨਿਆਦੀ ਢਾਂਚੇ ਤੇ ਸਪਾਂਸਰਾਂ’ ਨੂੰ ਖਤਮ ਕਰਨ ਲਈ ਅਫ਼ਗਾਨਿਸਤਾਨ ਨਾਲ ਇਸ ਲੜਾਈ ’ਚ ਖੜ੍ਹਾ ਹੈ।
-ਪੀਟੀਆਈ