ਬ਼ਗਦਾਦ, 3 ਜਨਵਰੀ
ਇਰਾਕੀ ਸੁਰੱਖਿਆ ਬਲਾਂ ਨੇ ਬਗ਼ਦਾਦ ਹਵਾਈ ਅੱਡੇ ’ਤੇ ਡਰੋਨਾਂ ਰਾਹੀਂ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਸਲਾਮਤੀ ਦਸਤਿਆਂ ਨੇ ਦੋ ਹਥਿਆਰਬੰਦ ਡਰੋਨ ਸੁੱਟ ਲੈਣ ਦਾ ਦਾਅਵਾ ਕੀਤਾ ਹੈ। ਡਰੋਨਾਂ ਨਾਲ ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਪੂਰਾ ਮੁਲਕ ਸਾਲ 2020 ਵਿੱਚ ਅਮਰੀਕਾ ਵੱਲੋਂ ਮੁਲਕ ਦੇ ਸਿਖਰਲੇ ਫੌਜੀ ਜਰਨੈਲ ਕਾਸਿਮ ਸੁਲੇਮਾਨੀ ਦੀ ਕੀਤੀ ਹੱਤਿਆ ਦੀ ਬਰਸੀ ਮਨਾ ਰਿਹਾ ਹੈ। ਉਂਜ ਡਰੋਨ ਡੇਗਣ ਮੌਕੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਰਾਕ ਵਿੱਚ ਇਸਲਾਮਿਕ ਸਟੇਟ ਦੇ ਲੜਾਕਿਆਂ ਨਾਲ ਮੱਥਾ ਲਾ ਰਹੇ ਅਮਰੀਕਾ ਦੀ ਅਗਵਾਈ ਵਾਲੇ ਕੌਮਾਂਤਰੀ ਗੱਠਜੋੜ ਦੇ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਬਗ਼ਦਾਦ ਡਿਪਲੋਮੈਟਿਕ ਸਪੋਰਟ ਸੈਂਟਰ ਵਿੱਚ ਸੀ-ਰੈਮ ਰੱਖਿਆ ਪ੍ਰਬੰਧ ਨੇ ਦੋ ਫਿਕਸਡ ਵਿੰਗ ਵਾਲੇ ‘ਖੁ਼ਦਕੁਸ਼ ਡਰੋਨਾਂ’ ਨੂੰ ਹੇਠਾਂ ਸੁੱਟ ਲਿਆ। ਸੀ-ਰੈਮ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵੇਂ ਡਰੋਨ ਬਗ਼ਦਾਦ ਹਵਾਈ ਅੱਡੇ ’ਤੇ ਸਥਿਤ ਅਮਰੀਕੀ ਬੇਸ ਵੱਲ ਵਧ ਰਹੇ ਸਨ। ਹਾਲ ਦੀ ਘੜੀ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਏਪੀ