ਹਰਜੀਤ ਲਸਾੜਾ
ਬ੍ਰਿਸਬੇਨ, 11 ਮਾਰਚ
ਆਸਟਰੇਲਿਆਈ ਸੰਘੀ ਸਰਕਾਰ ਨੇ ਕਰੋਨਾਵਾਇਰਸ ਮਹਾਂਮਾਰੀ ਕਾਰਨ ਬਿਮਾਰ ਪਏ ਹਵਾਬਾਜ਼ੀ ਖੇਤਰ ਅਤੇ ਘਰੇਲੂ ਸੈਰ ਸਪਾਟੇ ਨੂੰ ਅੱਗੇ ਵਧਾਉਣ ਲਈ 1.2 ਅਰਬ ਡਾਲਰ ਦੇ ਟੂਰਿਜ਼ਮ ਸਪੋਰਟ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਲਗਭਗ 800,000 ਏਅਰਲਾਈਨ ਦੀਆਂ ਟਿਕਟਾਂ ਦੀ ਕੀਮਤ ਨੂੰ ਅੱਧਾ ਕਰਦਿਆਂ ਇਸ ਸਾਲ ਦੌਰਾਨ ਘਰੇਲੂ ਛੁੱਟੀਆਂ ਲਈ ਅਪਰੈਲ ਤੋਂ ਜੁਲਾਈ ਵਿਚਕਾਰ 13 ਖੇਤਰਾਂ ਤੋਂ ਆਉਣ ਵਾਲੀਆਂ ਅਤੇ ਹਵਾਈ ਯਾਤਰੀਆਂ ਲਈ ਟਿਕਟਾਂ ‘ਤੇ 50 ਪ੍ਰਤੀਸ਼ਤ ਛੋਟ ਦੀ ਪੇਸ਼ਕਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿ ਸਰਕਾਰ ਨੇ ਸੈਰ ਸਪਾਟਾ ਖੇਤਰ ਦੀ ਸਹਾਇਤਾ ਵਿੱਚ ਘਰੇਲੂ ਹਵਾਈ ਯਾਤਰਾ ਲਈ ਸਬਸਿਡੀਆਂ ਤੇ ਏਅਰਲਾਈਨਾਂ ਲਈ ਦੁਬਾਰਾ ਸਰਹੱਦਾਂ ਖੋਲ੍ਹਣ ਦਾ ਮਨ ਬਣਾਇਆ ਹੈ ਅਤੇ ਇਹ ਨਵਾਂ ਪੈਕੇਜ ਕੈਸ਼-ਅਪ ਆਸਟਰੇਲਿਆਈ ਲੋਕਾਂ ਨੂੰ ਉਤਸ਼ਾਹਿਤ ਕਰੇਗਾ। ਇਹ ਰਿਆਇਤੀ ਕਿਰਾਏ 1 ਅਪਰੈਲ ਤੋਂ ਏਅਰਲਾਈਨ ਦੀਆਂ ਵੈੱਬਸਾਈਟਾਂ ‘ਤੇ ਵਿਕਰੀ ਲਈ ਉਪਲੱਬਧ ਹੋਣਗੇ। ਮੈਲਬਰਨ ਤੋਂ ਗੋਲਡ ਕੋਸਟ ਜਾਣ ਵਾਲੀ ਇੱਕ ਉਡਾਣ ਔਸਤਨ 60 ਡਾਲਰ ਤੱਕ ਸਸਤੀ ਹੋ ਸਕਦੀ ਹੈ ਅਤੇ ਰਸਤੇ ਵਿੱਚ ਆਵਾਜਾਈ ਨੂੰ 40 ਪ੍ਰਤੀਸ਼ਤ ਤੱਕ ਵਧਾ ਸਕਦੀ ਹੈ। ਉਪ ਪ੍ਰਧਾਨ ਮੰਤਰੀ ਮਾਈਕਲ ਮੈਕ ਕੋਰਮੈਕ ਅਨੁਸਾਰ ਇਹ ਪੈਕੇਜ ਲੋਕਾਂ ਨੂੰ ਘਰੇਲੂ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ ਸਾਡੀਆਂ ਕੌਮਾਂਤਰੀ ਏਅਰਲਾਈਨਾਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਦੀ ਕਾਰਜਸ਼ੀਲਤਾ ’ਚ ਵਾਧਾ ਕਰੇਗਾ। ਗੌਰਤਲਬ ਹੈ ਕਿ ਆਸਟਰੇਲੀਆ ਵਿੱਚ ਜਾਬਕੀਪਰ ਪ੍ਰੋਗਰਾਮ ਦੀ ਸੰਭਾਵੀ ਸਮਾਪਤੀ ਮਾਰਚ ਮਹੀਨੇ ਦੇ ਅਖੀਰ ’ਚ ਹੋ ਜਾਵੇਗੀ।