ਬ੍ਰਿਸਬੇਨ (ਹਰਜੀਤ ਲਸਾੜਾ): ਆਸਟਰੇਲੀਅਨ ਵੀਜ਼ਾ ਅਧਿਕਾਰੀਆਂ ਵੱਲੋਂ ਕੌਮਾਂਤਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਤਹਿਤ ਕੁਝ ਵਿਦਿਆਰਥੀਆਂ ਨੂੰ ਆਸਟਰੇਲੀਆ ਦੇ ਹਵਾਈ ਅੱਡਿਆਂ ’ਤੇ ਉਤਰਨ ਤੋਂ ਤੁਰੰਤ ਬਾਅਦ ਵਾਪਸ ਭੇਜ ਦਿੱਤਾ ਗਿਆ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਪੁਸ਼ਟੀ ਕੀਤੀ ਕਿ ਬਿਨੈਕਾਰਾਂ ਵੱਲੋਂ ਗਲਤ ਜਾਣਕਾਰੀ ਜਾਂ ਜਾਅਲੀ ਦਸਤਾਵੇਜ਼ ਵੀਜ਼ਾ ਰੱਦ ਹੋਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਸਨ ਅਤੇ ਉਹ ਸਵੈ-ਇੱਛਾ ਨਾਲ ਜਾਣ ਲਈ ਤਿਆਰ ਨਹੀਂ ਸਨ, ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਆਸਟਰੇਲੀਆ ’ਚੋਂ ਭੇਜ ਦਿੱਤਾ ਗਿਆ।’’ ਵਿੱਤੀ ਸਾਲ 2020-21 ਵਿੱਚ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਹਟਾਏ ਗਏ ਵਿਦਿਆਰਥੀਆਂ ਦੀ ਕੁੱਲ ਗਿਣਤੀ 154 ਸੀ, ਜਿਨ੍ਹਾਂ ਵਿੱਚੋਂ 9 ਭਾਰਤ ਤੋਂ ਸਨ। ਜਦਕਿ ਮੌਜੂਦਾ ਸਾਲ ’ਚ ਸਿਰਫ਼ 31 ਜਨਵਰੀ ਤੱਕ ਹੀ ਵਿਦਿਆਰਥੀ ਵੀਜ਼ਾ ਰੱਦ ਕਰਨ ਦੀ ਕੁੱਲ ਗਿਣਤੀ 119 ਹੈ, ਜਿਨ੍ਹਾਂ ਵਿੱਚੋਂ 29 ਭਾਰਤ ਤੋਂ ਹਨ।