ਹਰਜੀਤ ਲਸਾੜਾ
ਬ੍ਰਿਸਬੇਨ, 5 ਨਵੰਬਰ
ਆਸਟਰੇਲੀਆ ਸਰਕਾਰ ਵੱਲੋਂ 1 ਜਨਵਰੀ ਤੋਂ 9 ਸਤੰਬਰ 2020 ਦੌਰਾਨ ਕੁੱਲ 265 ਪ੍ਰਤਿਭਾਸ਼ਾਲੀ ਭਾਰਤੀ ਨਾਗਰਿਕਾਂ ਨੂੰ ਗਲੋਬਲ ਟੇਲੈਂਟ ਇੰਡੀਪੈਂਡੈਂਟ ਪ੍ਰੋਗਰਾਮ (ਜੀ.ਟੀ.ਆਈ) ਤਹਿਤ ਆਸਟਰੇਲੀਆ ਵਿਚ ਸਥਾਈ ਨਿਵਾਸ ਲਈ ਅਰਜ਼ੀਆਂ ਦੇਣ ਦਾ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗਲੋਬਲ ਟੇਲੈਂਟ ਵੀਜ਼ਾ ਆਸਟਰੇਲੀਆ ’ਚ ਸਥਾਈ ਨਿਵਾਸ (ਪਰਮਾਨੈਂਟ ਰੇਸੀਡੈਂਸੀ ਜਾਂ ਪੀ ਆਰ) ਲਈ ਤੇਜ਼ ਅਤੇ ਸਫ਼ਲ ਤਰੀਕਾ ਹੈ, ਜਿਸ ਦੀ ਪੂਰੀ ਪ੍ਰਕਿਰਿਆ ਲਈ ਨਿਰਧਾਰਿਤ ਸਮਾਂ ਦੋ ਦਿਨਾਂ ਤੋਂ ਦੋ ਮਹੀਨਿਆਂ ਤੱਕ ਮਿਥਿਆ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਵਿੱਚ ਸਭ ਤੋਂ ਵੱਡੀ ਗਿਣਤੀ ਇਰਾਨ ਵਾਸੀ ਸ਼ਾਮਲ ਹਨ। ਦੂਜਾ ਸਥਾਨ ਬੰਗਲਾਦੇਸ਼ੀ ਨਾਗਰਿਕਾਂ ਦਾ ਹੈ ਅਤੇ ਭਾਰਤੀ ਤੀਜੇ ਸਥਾਨ ’ਤੇ ਹਨ। ਇਹ ਵੀਜ਼ਾ ਗਲੋਬਲ ਪ੍ਰਤਿਭਾ ਸੁਤੰਤਰ ਪ੍ਰੋਗਰਾਮ ਦਾ ਹਿੱਸਾ ਹੈ, ਜੋ ਨਵੰਬਰ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ, ਹੁਨਰਮੰਦ ਟੈਕਨਾਲੋਜਿਸਟ ਜਿਵੇਂ ਸਪੇਸ, ਸਾਈਬਰ ਸੁਰੱਖਿਆ, ਡਾਟਾ ਵਿਗਿਆਨ, ਊਰਜਾ ਅਤੇ ਖਣਨ ਤਕਨਾਲੋਜੀ ਆਦਿ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਸਥਾਈ ਤੌਰ ’ਤੇ ਆਸਟਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਲਈ ਆਕਰਸ਼ਿਤ ਕਰਨਾ ਹੈ। ਇਸ ਸ਼੍ਰੇਣੀ ਅਧੀਨ ਬਿਨੈਕਾਰਾਂ ਨੂੰ ਹਰ ਸਾਲ 1,53,600 ਡਾਲਰ ਜਾਂ ਇਸ ਤੋਂ ਵੱਧ ਦੀ ਆਮਦਨੀ ਕਮਾਉਣ ਦੀ ਯੋਗਤਾ ਿਦਖਾਉਣੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਉਸੇ ਖ਼ਾਸ ਖੇਤਰ ਵਿੱਚ ਕਿਸੇ ਕੌਮੀ ਪ੍ਰਸਿੱਧੀ ਵਾਲੇ ਸਪਾਂਸਰ ਤੋਂ ਨਾਮਜ਼ਦਗੀ ਪ੍ਰਾਪਤ ਕਰਨੀ ਹੁੰਦੀ ਹੈ।