ਗੁਰਚਰਨ ਸਿੰਘ ਕਾਹਲੋਂ
ਸਿਡਨੀ, 18 ਮਾਰਚ
ਆਸਟਰੇਲੀਆ ਵਿੱਚ ਪੰਜਾਬੀ ਪੱਤਰਕਾਰੀ ਨਾਲ ਜੁੜੇ ਗੁਰਸ਼ਮਿੰਦਰ ਸਿੰਘ ਉਰਫ਼ ਮਿੰਟੂ ਬਰਾੜ ਨੂੰ ਤੀਜੀ ਵਾਰ ‘ਗਵਰਨਰਜ਼ ਮਲਟੀਕਲਚਰ ਐਵਾਰਡ’ ਮਿਲਿਆ ਹੈ। ਦੱਖਣੀ ਆਸਟਰੇਲੀਆ ਦੇ ਗਵਰਨਰ ਹਿਊ ਵੈਨ ਲੀ ਨੇ ਕਿਹਾ ਕਿ ਉਹ ਨਾਮਵਰ ਸ਼ਖਸੀਅਤਾਂ ਨੂੰ ਇਹ ਵੱਕਾਰੀ ਐਵਾਰਡ ਪ੍ਰਦਾਨ ਕਰਕੇ ਖ਼ੁਦ ਮਾਣ ਮਹਿਸੂਸ ਕਰਦੇ ਹਨ। ਮਿੰਟੂ ਬਰਾੜ ਨੇ ਆਪਣੀ ਮਾਤ ਭਾਸ਼ਾ ਪੰਜਾਬੀ ’ਚ ਪੱਤਰਕਾਰੀ ਰਾਹੀਂ ਆਸਟਰੇਲੀਆ ਦੀ ਵੰਨ-ਸੁਵੰਨਤਾ ਨੂੰ ਬਾਖੂਬੀ ਬਿਆਨਿਆ ਹੈ। ਉਸ ਦੇ ਲੇਖ-ਫੀਚਰ ਪ੍ਰੋਗਰਾਮ ਪੇਂਡੂ ਆਸਟਰੇਲੀਆ ਨੂੰ ਸੰਸਾਰ ਪੱਧਰ ’ਤੇ ਨਾਮਣਾ ਪ੍ਰਦਾਨ ਕਰ ਰਹੇ ਹਨ। ਪਾਠਕ-ਦਰਸ਼ਕ ਦੱਖਣੀ ਆਸਟਰੇਲੀਆ ਬਾਰੇ ਹੋਰ ਜਾਨਣ ਲਈ ਉਤਸੁਕ ਹਨ। ਮੁਲਕ ਦੇ ਬਹੁ-ਭਾਈਚਾਰਕ ਭਾਈਚਾਰੇ ਨੂੰ ਇੱਕ ਸੂਤਰ ਵਿੱਚ ਪਿਰੋਣ ਲਈ ਉਸ ਵੱਲੋਂ ਕੀਤੇ ਜਾ ਰਹੇ ਕੰਮ ਸ਼ਾਲਾਘਯੋਗ ਹਨ। ਜ਼ਿਕਰਯੋਗ ਹੈ ਕਿ ਮਿੰਟੂ ਬਰਾੜ ਨੂੰ ਪਹਿਲਾਂ ਵੀ ਸਾਲ 2013 ਅਤੇ 2014 ’ਚ ਮਲਟੀਕਲਚਰ ਐਵਾਰਡ ਮਿਲ ਚੁੱਕਾ ਹੈ। ਇਸ ਮੌਕੇ ਸੂਬੇ ਦੇ ਪ੍ਰੀਮੀਅਮ ਸਟੀਵਨ ਮਾਰਸ਼ਲ ਨੇ ਕਿਹਾ ਕਿ ਇਹ ਐਵਾਰਡ ਸੂਬੇ ਦੀਆਂ ਉਨ੍ਹਾਂ ਸ਼ਖਸੀਅਤਾਂ ਨੂੰ ਸਮਰਪਿਤ ਹਨ, ਜੋ ਆਸਟਰੇਲੀਆ ਦੇ ਬਹੁ-ਕੌਮੀ ਭਾਈਚਾਰਿਆ ਨੂੰ ਆਪਸੀ ਸੱਭਿਆਚਾਰਕ ਸਾਂਝ ਨਾਲ ਜੋੜਨ ਲਈ ਕੰਮ ਕਰਦੀਆਂ ਹਨ।