ਕੈਨਬਰਾ: ਆਸਟਰੇਲੀਆ ਦੇ ਮੈਲਬਰਨ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਭਰੀ ਜੈਕਟ ਵਿੱਚ ਧਮਾਕਾ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰਿਆ ਗਿਆ ਧਮਾਕਾਖੇਜ਼ ਸਮੱਗਰੀ ਨਾਲ ਭਰੀ ਜੈਕਟ ਪਹਿਨ ਕੇ ਕਾਰ ਚਲਾ ਰਿਹਾ ਸੀ। ‘ਸੈਵਨ ਨਿਊਜ਼’ ਦੀ ਰਿਪੋਰਟ ਮੁਤਾਬਕ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਸ਼ਨਿਚਰਵਾਰ ਸਵੇਰੇ ਉਪਨਗਰ ਹਾਲਮ ਵਿੱਚ ਇੱਕ ਸਪੀਡ ਬਰੇਕਰ ਨਾਲ ਕਾਰ ਟਕਰਾਉਣ ਕਾਰਨ ਧਮਾਕਾਖੇਜ਼ ਜੈਕਟ ਦਾ ਬਟਨ ਦੱਬਿਆ ਗਿਆ। ਸੁਰੱਖਿਆ ਕੈਮਰਿਆਂ ਵਿੱਚ ਰਿਕਾਰਡ ਹੋਈ ਇੱਕ ਵੀਡੀਓ ਫੁਟੇਜ ਵਿੱਚ ਕਾਰ ਵਿੱਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਮਗਰੋਂ ਕਾਰ ਕੁਝ ਮੀਟਰ ਅੱਗੇ ਜਾ ਕੇ ਸੜਕ ਕਿਨਾਰੇ ਖੜ੍ਹੇ ਇੱਕ ਵਾਹਨ ਨਾਲ ਟਕਰਾ ਗਈ। ਪੁਲੀਸ ਨੇ ਦੱਸਿਆ ਕਿ ਕਾਰ ਵਿੱਚੋਂ ਡਾਂਡੈਂਓਂਗ ਵਾਸੀ 43 ਸਾਲਾਂ ਦੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਹਾਲਾਂਕਿ ਪੁਲੀਸ ਵੱਲੋਂ ਉਸ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ। -ਏਪੀ