ਤੇਜਸਦੀਪ ਸਿੰਘ ਅਜਨੌਦਾ
ਮੈਲਬਰਨ, 15 ਜੂਨ
ਆਸਟਰੇਲੀਆ ਨੇ ਅੱਜ ਕਾਮਿਆਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ 5.2 ਫੀਸਦ ਦੇ ਵਾਧੇ ਦਾ ਐਲਾਨ ਕੀਤਾ ਹੈ। ਹੁਣ ਇਸ ਦੇਸ਼ ਵਿੱਚ ਇਕ ਘੰਟੇ ਲਈ ਘੱਟੋ-ਘੱਟ ਤਨਖਾਹ 21.38 ਡਾਲਰ ਹੋਵੇਗੀ, ਜਿਸ ਨਾਲ ਉਨ੍ਹਾਂ ਕਾਮਿਆਂ ਨੂੰ ਰਾਹਤ ਮਿਲੇਗੀ ਜੋ ਘੱਟੋ-ਘੱਟ ਤਨਖਾਹਾਂ ’ਤੇ ਕੰਮ ਕਰਦੇ ਹਨ। ਚੋਣਾਂ ਦੌਰਾਨ ਤਨਖਾਹਾਂ ’ਚ ਵਾਧੇ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਲੇਬਰ ਪਾਰਟੀ ਨੇ ਇਸ ਵਾਧੇ ਨੂੰ ਆਪਣੀ ਪ੍ਰਾਪਤੀ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਵਧ ਰਹੀ ਮਹਿੰਗਾਈ ਨਾਲ ਜੂਝ ਰਹੇ ਪਰਿਵਾਰਾਂ ਲਈ ਇਹ ਫੈਸਲਾ ਰਾਹਤ ਵਾਲਾ ਹੈ।’’ ਉਧਰ, ਵਿਰੋਧੀ ਧਿਰ ਲਬਿਰਲ ਪਾਰਟੀ ਨੇ ਉਜਰਤਾਂ ਵਿੱਚ ਇਸ ਵਾਧੇ ਨੂੰ ਸਨਅਤਕਾਰਾਂ ’ਤੇ ਵੱਡਾ ਬੋਝ ਪਾਉਣ ਵਾਲਾ ਫੈਸਲਾ ਕਰਾਰ ਦਿੱਤਾ ਹੈ।
ਸਾਲ 2006 ਤੋਂ ਬਾਅਦ ਉਜਰਤਾਂ ਵਿੱਚ ਇਹ ਸਭ ਤੋਂ ਵੱਡਾ ਵਾਧਾ ਹੈ, ਇਸ ਵਾਸਤੇ ਮਜ਼ਦੂਰ ਯੂਨੀਅਨਾਂ ਨੇ ਇਸ ਵਾਧੇ ਦਾ ਸਵਾਗਤ ਕੀਤਾ ਹੈ। ਅੱਜ ਦੇ ਇਸ ਵਾਧੇ ਨਾਲ ਆਸਟਰੇਲੀਆ ਦੇ ਹਰ ਕਾਮੇ ਦੀ ਘੱਟੋ-ਘੱਟ ਉਜਰਤ ਵਿੱਚ 160 ਡਾਲਰ ਦਾ ਇਜ਼ਾਫਾ ਹੋਵੇਗਾ ਪਰ ਪਿਛਲੇ ਸਮੇਂ ਦੌਰਾਨ ਮੁਲਕ ਵਿੱਚ ਹਰ ਖੇਤਰ ’ਚ ਵਧੀ ਮਹਿੰਗਾਈ ਨੇ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ ਹੈ। ਇਸੇ ਮਹੀਨੇ ਰਿਜ਼ਰਵ ਬੈਂਕ ਆਫ ਆਸਟਰੇਲੀਆ ਨੇ ਘਰਾਂ ਦੇ ਕਰਜ਼ਿਆਂ ਦੀਆਂ ਵਿਆਜ ਦਰਾਂ ’ਚ ਵਾਧਾ ਕੀਤਾ ਹੈ।