ਕੈਨਬਰਾ: ਚੀਨੀ ਰਾਜਦੂਤ ਨੇ ਅੱਜ ਕਿਹਾ ਕਿ ਚਾਰ ਸਾਲ ਪਹਿਲਾਂ ਤੱਤਕਾਲੀਨ ਆਸਟਰੇਲੀਅਨ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਚੀਨੀ ਮਾਲਕੀ ਵਾਲੀ ਟੈਲੀਕਮਿਊਨੀਕੇਸ਼ਨ ਕੰਪਨੀ ‘ਹੁਵਾਈ’ ਨੂੰ ਦੇਸ਼ ਵਿੱਚ 5ਜੀ ਨੈੱਟਵਰਕ ਸੇਵਾਵਾਂ ਦੀ ਸ਼ੁਰੂਆਤ ਤੋਂ ਰੋਕ ਕੇ ਰਿਸ਼ਤਿਆਂ ਵਿੱਚ ਕੁੜੱਤਣ ਲਈ ‘ਪਹਿਲ’ ਕੀਤੀ ਸੀ। ਸ਼ਿਆਓ ਕਿਆਨ, ਜੋ ਇਸ ਸਾਲ ਜਨਵਰੀ ਤੋਂ ਆਸਟਰੇਲੀਆ ਵਿੱਚ ਚੀਨ ਦੇ ਰਾਜਦੂਤ ਹਨ, ਨੇ ਇਹ ਗੱਲ ਸਿਡਨੀ ਦੀ ਯੂਨੀਵਰਸਿਟੀ ਟੈਕਨਾਲੋਜੀ ਵਿੱਚ ਆਪਣੇ ਸੰਬੋਧਨ ਦੌਰਾਨ ਕਹੀ। ਕਿਆਨ ਉਂਜ ਆਮ ਕਰਕੇ ਜਨਤਕ ਸਮਾਗਮਾਂ ਵਿੱਚ ਘੱਟ ਹੀ ਨਜ਼ਰ ਆਉਂਦੇ ਹਨ। ਹਾਲਾਂਕਿ ਚੀਨੀ ਰਾਜਦੂਤ ਦੇ ਸੰਬੋਧਨ ਦੌਰਾਨ ਮਨੁੱਖੀ ਹੱਕਾਂ ਬਾਰੇ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਹੱਥਾਂ ਵਿੱਚ ‘ਫ੍ਰੀ ਤਿੱਬਤ’ ਤੇ ‘ਹਾਂਗ ਕਾਂਗ ਦੀ ਆਜ਼ਾਦੀ’ ਜਿਹੇ ਬੈਨਰ ਚੁੱਕੇ ਹਨ, ਨੇ ਨਾਅਰੇਬਾਜ਼ੀ ਕਰਕੇ ਵਾਰ ਵਾਰ ਵਿਘਨ ਪਾਇਆ। ਉਧਰ ਪੇਈਚਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਆਓ ਦੀ ਤਕਰੀਰ ਦੌਰਾਨ ਹੋਈ ਨਾਅਰੇਬਾਜ਼ੀ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ‘ਅਸੀਂ ਆਸ ਕਰਦੇ ਹਾਂ ਕਿ ਸਬੰਧਤ ਲੋਕ ਬੁਨਿਆਦੀ ਕੂਟਨੀਤਕ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਬਣਾਉਣਗੇ।’ ਚੀਨੀ ਰਾਜਦੂਤ ਨੇ ਆਸਟਰੇਲੀਆ ’ਚ ਜਨਤਕ ਇਕੱਠ ਨੂੰ ਅਜਿਹੇ ਮੌਕੇ ਸੰਬੋਧਨ ਕੀਤਾ ਹੈ ਜਦੋਂ ਚੀਨ ਨੇ ਆਸਟਰੇਲੀਆ ’ਚ ਪਿਛਲੇ ਮਹੀਨੇ ਨਵੀਂ ਸਰਕਾਰ ਦੇ ਗਠਨ ਮਗਰੋਂ ਕੂਟਨੀਤਕ ਰਿਸ਼ਤਿਆਂ ’ਚ ਬਣੇ ਜਮੂਦ ਨੂੰ ਤੋੜਨ ਦਾ ਸੰਕੇਤ ਦਿੱਤਾ ਹੈ। -ਪੀਟੀਆਈ