ਹਰਜੀਤ ਲਸਾੜਾ
ਬ੍ਰਿਸਬੇਨ, 21 ਅਕਤੂਬਰ
ਆਸਟ੍ਰੇਲੀਅਨ ਫੈਡਰਲ ਸਰਕਾਰ ਨੇ ਨਵੰਬਰ ਤੋਂ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਾਸਨੀਕਾਂ, ਨਿਊਜ਼ੀਲੈਂਡ ਨਾਗਰਿਕਾਂ ਅਤੇ ਉਨ੍ਹਾਂ ਦੇ ਯੋਗ ਮਾਪਿਆਂ ਲਈ, ਜੋ ਕੋਵਿਡ-19 ਟੀਕਿਆਂ ਦੀਆਂ ਦੋਨੋਂ ਖੁਰਾਕਾਂ ਲਵਾ ਚੁੱਕੇ ਹਨ, ਲਈ ਆਪਣੀਆਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਐਲਾਨ ਕੀਤਾ ਹੈ ਪਰ ‘ਆਜ਼ਾਦੀ ਦੇ ਰੋਡਮੈਪ’ ਵਿੱਚ ਪਿਛਲੇ 18 ਮਹੀਨਿਆਂ ਤੋਂ ਸਰਕਾਰ ਤੋਂ ਚੰਗੀ ਉਮੀਦ ਲਾਈ ਬੈਠੇ ਅਸਥਾਈ ਵੀਜ਼ਾ ਧਾਰਕਾਂ, ਵਰਕ ਵੀਜ਼ਾ ਧਾਰਕਾਂ, ਕੌਮਾਂਤਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਬਾਰੇ ਫ਼ਿਲਹਾਲ ਕੋਈ ਅਹਿਮ ਐਲਾਨ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਾਰਚ 2020 ਵਿੱਚ ਆਸਟ੍ਰੇਲੀਆ ਨੇ ਗੈਰ-ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਅਤੇ ਨਾਗਰਿਕਾਂ ਨੂੰ ਸਰਕਾਰੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਰਕਾਰ ਅਗਲੇ ਮਹੀਨੇ ਬਾਇਓਸਕਿਉਰਿਟੀ ਐਕਟ ਯੋਗ ਯਾਤਰਾ ਪਾਬੰਦੀ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਕਵਾਂਟਸ ਇਕੋ ਸਮੇਂ ਲੰਡਨ ਅਤੇ ਲਾਸ ਏਂਜਲਸ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਦਸੰਬਰ ਮਹੀਨੇ ’ਚ ਕਵਾਂਟਸ ਏਅਰਲਾਈਨ ਵਾਧੂ ਮੰਜ਼ਿਲਾਂ ਲਈ ਉਡਾਣਾਂ ਸ਼ਾਮਲ ਕਰੇਗੀ ਅਤੇ ਕੁਝ ਹੋਰ ਏਅਰਲਾਈਨਾਂ ਆਸਟ੍ਰੇਲੀਆ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨਗੀਆਂ। ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਘਰ ਵਿੱਚ ਸੱਤ ਦਿਨ ਵੱਖ ਰਹਿਣਾ ਲਾਜ਼ਮੀ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਸੰਘੀ ਚੋਣਾਂ ਅਤੇ ਲਾਜ਼ਮੀ ਵੋਟਿੰਗ ਦੇ ਚੱਲਦਿਆਂ ਸਰਕਾਰ ਦਾ ਇਹ ਫ਼ੈਸਲਾ ਬਹੁਤ ਸਾਰੇ ਨਾਖੁਸ਼ ਆਸਟ੍ਰੇਲਿਆਈ ਲੋਕਾਂ ਨੂੰ ਸੰਤੁਸ਼ਟ ਕਰੇਗਾ।