ਗੁਰਮਲਕੀਤ ਸਿੰਘ ਕਾਹਲੋਂ
ਵੈਨਕੂਵਰ, 19 ਅਪੈਰਲ
ਸਰੀ ਵਿਚਲੇ ਮਨੀ ਐਕਸਚੇਂਜ ਦੇ ਮਾਲਕ ਬਖਸ਼ੀਸ਼ ਸਿੰਘ ਸਿੱਧੂ ਦਾ ਨਾਂ ਅਮਰੀਕਾ ਦੀ ਮੋਸਟ ਵਾਂਟੇਡ ਦੋਸ਼ੀਆਂ ਦੀ ਸੂਚੀ ਵਿਚ ਆਇਆ ਹੈ। ਉਸ ’ਤੇ ਦੋਸ਼ ਹਨ ਕਿ ਕੁਝ ਸਾਲ ਪਹਿਲਾਂ ਉਹ ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿਚ ਨਸ਼ਾ ਤਸਕਰਾਂ ਵਿਚ ਪੈਸੇ ਦਾ ਲੈਣ-ਦੇਣ ਅਤੇ ਹਵਾਲਾ ਕਾਰੋਬਾਰ ਕਰਦਾ ਰਿਹਾ। ਉਸ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਾਇਰਲ ਹੋਈ ਫੋਟੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਸਰੀ ਵਿਚ ਬਸੰਤ ਫਾਰੈਕਸ ਦੇ ਨਾਮ ਹੇਠ ਲੋਕਾਂ ਦੀਆਂ ਰਕਮਾਂ ਭਾਰਤ ਭੇਜਣ ਜਾਂ ਮੰਗਵਾਉਣ ਦਾ ਧੰਦਾ ਕਰਦੇ ਬਖਸ਼ੀਸ਼ ਸਿੰਘ ਸਿੱਧੂ ਵਿਰੁੱਧ ਦੋਸ਼ ਹਨ ਕਿ ਕੁਝ ਸਾਲ ਪਹਿਲਾਂ ਉਸ ਨੇ ਉੱਤਰੀ ਅਮਰੀਕਾ ਵਿਚਲੇ ਨਸ਼ਾ ਤਸਕਰਾਂ ਵਿਚ ਪੈਸੇ ਦੇ ਲੈਣ-ਦੇਣ ਵਿਚ ਅਹਿਮ ਭੂਮਿਕਾ ਨਿਭਾਈ ਤੇ ਦੋ ਚੱਕਰਾਂ ਵਿਚ 11 ਲੱਖ ਡਾਲਰ ਲਾਸ ਵੇਗਾਸ ਪਹੁੰਚਾਏ। ਦੋਸ਼ ਪੱਤਰ ਵਿਚ ਦੱਸਿਆ ਗਿਆ ਕਿ ਅਮਰੀਕਨ ਭਾਈਵਾਲ ਨਾਲ ਉਸ ਦੀ ਗੱਲ ਕੋਡ ਭਾਸ਼ਾ ਵਿਚ ਹੁੰਦੀ ਸੀ ਤਾਂ ਕਿ ਕਿਸੇ ਹੋਰ ਨੂੰ ਸਮਝ ਨਾ ਲੱਗ ਸਕੇ। ਸੰਪਰਕ ਕਰਨ ’ਤੇ ਸ੍ਰੀ ਸਿੱਧੂ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ’ਤੇ ਲੱਗੇ ਦੋਸ਼ਾਂ ਬਾਰੇ ਮੀਡੀਆ ਰਾਹੀਂ ਪਤਾ ਲੱਗਿਆ। ਉਸ ਨੇ ਇਸ ’ਤੇ ਹੋਰ ਟਿੱਪਣੀ ਕਰਨ ਤੋਂ ਨਾਂਹ ਕੀਤੀ। ਵੈਨਕੂਵਰ ਸੰਨ ਦੀ ਰਿਪੋਰਟ ਮੁਤਾਬਕ ਸਿੱਧੂ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿਚ ਚੰਗਾ ਵਕੀਲ ਕਰਕੇ ਕੇਸ ਲੜਨਗੇ।