ਢਾਕਾ, 12 ਅਕਤੂਬਰ
ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਉਤਸਵ ਨਾਲ ਸਬੰਧਤ ਲਗਪਗ 35 ਅਣਸੁਖਾਵੀਆਂ ਘਟਨਾਵਾਂ ਹੋਈਆਂ, ਜਿਸ ਮਗਰੋਂ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 12 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਹ ਘਟਨਾਵਾਂ ਅਜਿਹੇ ਸਮੇਂ ਹੋਈਆਂ, ਜਦੋਂ ਇੱਕ ਦਿਨ ਪਹਿਲਾਂ ਹੀ ਬੰਗਲਾਦੇਸ਼ ਦੇ ਦੱਖਣੀ-ਪੱਛਮੀ ਸਤਖੀਰਾ ਜ਼ਿਲ੍ਹੇ ਵਿੱਚ ਸਥਿਤ ਹਿੰਦੂ ਮੰਦਰ ਵਿੱਚ ਦੁਰਗਾ ਪੂਜਾ ਸਮਾਰੋਹ ਦੌਰਾਨ ਸੋਨੇ ਦਾ ਮੁਕੁਟ ਚੋਰੀ ਹੋ ਗਿਆ ਸੀ। ਇਹ ਮੁਕੁਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੋਹਫ਼ੇ ਵਿੱਚ ਦਿੱਤਾ ਗਿਆ ਸੀ।
ਚੋਰੀ ਦੀ ਇਸ ਘਟਨਾ ’ਤੇ ਭਾਰਤ ਨੇ ਚਿੰਤਾ ਪ੍ਰਗਟ ਕੀਤੀ ਸੀ। ਪੰਜ ਰੋਜ਼ਾ ਹਿੰਦੂ ਧਾਰਮਿਕ ਉਤਸਵ ਬੁੱਧਵਾਰ ਨੂੰ ਦੇਵੀ ਦੁਰਗਾ ਦੀ ਪੂਜਾ ਨਾਲ ਸ਼ੁਰੂ ਹੋ ਗਿਆ। ਇਹ ਐਤਵਾਰ ਨੂੰ ਦੇਵੀ ਦੁਰਗਾ ਦੀਆਂ ਮੂਰਤੀਆਂ ਦੇ ਵਿਸਰਜਨ ਨਾਲ ਸਮਾਪਤ ਹੋਵੇਗਾ। ਬੰਗਲਾਦੇਸ਼ ਵਿੱਚ ਘੱਟਗਿਣਤੀ ਹਿੰਦੂ ਭਾਈਚਾਰੇ ਨੂੰ 5 ਅਗਸਤ ਨੂੰ ਸ਼ੇਖ ਹਸੀਨਾ ਦੀ ਪ੍ਰਧਾਨ ਮੰਤਰੀ ਅਹੁਦੇ ਤੋਂ ਬਰਖ਼ਾਸਤਗੀ ਮਗਰੋਂ ਭੜਕੀ ਹਿੰਸਾ ਦੌਰਾਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਕਾਰੋਬਾਰੀ ਟਿਕਾਣਿਆਂ ਤੇ ਜਾਇਦਾਦਾਂ ਦੀ ਭੰਨ‘ਤੋੜ ਕੀਤੀ ਗਈ ਅਤੇ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। -ਪੀਟੀਆਈ
ਯੂਨੁਸ ਵੱਲੋਂ ਢਾਕੇਸ਼ਵਰੀ ਮੰਦਰ ਦਾ ਦੌਰਾ
ਢਾਕਾ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੇ ਅੱਜ ਸਦੀਆਂ ਪੁਰਾਣੇ ਢਾਕੇਸ਼ਵਰੀ ਮੰਦਰ ਦਾ ਦੌਰਾ ਕੀਤਾ। ਉਨ੍ਹਾਂ ਵੱਲੋਂ ਇਹ ਦੌਰਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਕੌਮੀ ਰਾਜਧਾਨੀ ਵਿੱਚ ਦੁਰਗਾ ਪੂਜਾ ਉਤਸਵ ’ਤੇ ਹਮਲੇ ਦੀਆਂ ਰਿਪੋਰਟਾਂ ਹਨ। ਮੰਦਰ ਵਿੱਚ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਯੂਨੁਸ ਨੇ ਕਿਹਾ, ‘ਸਰਕਾਰ ਇਸ ਤਰ੍ਹਾਂ ਦਾ ਬੰਗਲਾਦੇਸ਼ ਬਣਾਉਣਾ ਚਾਹੁੰਦੀ ਹੈ ਜਿੱਥੇ ਹਰੇਕ ਨਾਗਰਿਕ ਦੇ ਅਧਿਕਾਰ ਯਕੀਨੀ ਬਣਾਏ ਜਾ ਸਕਣ।’ ਬਿਆਨ ਵਿੱਚ ਕਿਹਾ ਗਿਆ ਹੈ, ‘ਆਪਣੇ ਦੌਰੇ ਦੌਰਾਨ ਯੂਨੁਸ ਨੇ ਬੰਗਲਾਦੇਸ਼ ਵਿੱਚ ਸਭ ਤੋਂ ਵੱਡੇ ਹਿੰਦੂ ਧਾਰਮਿਕ ਤਿਉਹਾਰ ਦੁਰਗਾ ਪੂਜੇ ਦੇ ਸ਼ੁੱਭ ਪ੍ਰੋਗਰਾਮ ਮੌਕੇ ਹਿੰਦੂ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।’ -ਪੀਟੀਆਈ