ਢਾਕਾ, 15 ਫਰਵਰੀ
ਮਨੁੱਖੀ ਅਧਿਕਾਰ ਗਰੁੱਪਾਂ ਵੱਲੋਂ ਚਿਤਵਾਨੀ ਦੇਣ ਦੇ ਬਾਵਜੂਦ ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਰੋਹਿੰਗੀਆ ਸ਼ਰਨਾਰਥੀਆਂ ਨੂੰ ਮਿਆਂਮਾਰ ਤੋਂ ਬੰਗਾਲ ਦੀ ਖਾੜੀ ’ਚ ਨਵੇਂ ਬਣੇ ਟਾਪੂ ਲਈ ਰਵਾਨਾ ਕਰ ਦਿੱਤਾ ਹੈ। ਪਿਛਲੇ ਸਾਲ ਦਸੰਬਰ ਮਹੀਨੇ ਤੋਂ ਸ਼ਰਨਾਰਥੀਆਂ ਨੂੰ ਇਸ ਟਾਪੂ ’ਤੇ ਭੇਜਿਆ ਜਾ ਰਿਹਾ ਹੈ। ਸੋਮਵਾਰ ਰੋਹਿੰਗੀਆ ਸ਼ਰਨਾਰਥੀਆਂ ਦਾ ਚੌਥਾ ਸਮੂਹ ਰਵਾਨਾ ਕਰਨ ਦੇ ਨਾਲ ਕੁੱਲ ਸੱਤ ਹਜ਼ਾਰ ਸ਼ਰਨਾਰਥੀ ਹੁਣ ਤੱਕ ਟਾਪੂ ਉਤੇ ਭੇਜ ਦਿੱਤੇ ਗਏ ਹਨ। ਸਰਕਾਰ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਟਾਪੂ ’ਤ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਦੀਆਂ ਸਾਰੀਆਂ ਸੁਵਿਧਾਵਾਂ ਮੌਜੂਦ ਹਨ। ਜਦਕਿ ਮਨੁੱਖੀ ਅਧਿਕਾਰ ਗਰੁੱਪਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਖ਼ਿਲਾਫ਼ ਟਾਪੂ ’ਤੇ ਭੇਜਿਆ ਜਾ ਰਿਹਾ ਹੈ। ਕੌਮਾਂਤਰੀ ਸਹਾਇਤਾ ਏਜੰਸੀਆਂ 2015 ਤੋਂ ਇਸ ਬਾਰੇ ਫ਼ਿਕਰ ਜ਼ਾਹਿਰ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਭਾਰੀ ਤੂਫ਼ਾਨ ਆਉਣ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਖ਼ਤਰਾ ਹੋਵੇਗਾ।
ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਟਾਪੂ ਨੂੰ ਨਵੀ ਤਕਨਾਲੋਜੀ ਤਹਿਤ ਵਿਕਸਿਤ ਕੀਤਾ ਗਿਆ ਹੈ ਤਾਂ ਕਿ ਸੁਰੱਖਿਅਤ ਜ਼ਿੰਦਗੀ ਬਤੀਤ ਕੀਤੀ ਜਾ ਸਕੇ। -ਏਪੀ