ਢਾਕਾ, 25 ਅਕਤੂਬਰ
ਬੰਗਲਾਦੇਸ਼ ’ਚ ਘੱਟ ਗਿਣਤੀ ਹਿੰਦੂ ਭਾਈਚਾਰੇ ਖ਼ਿਲਾਫ਼ ਹਾਲ ਹੀ ’ਚ ਹਿੰਸਾ ਭੜਕਾਉਣ ਤੇ ਸੋਸ਼ਲ ਮੀਡੀਆ ’ਤੇ ਫਿਰਕੂ ਨਫਰਤ ਫੈਲਾਉਣ ਦੇ ਮਾਮਲੇ ’ਚ ਇੱਕ ਮੁੱਖ ਸ਼ੱਕੀ ਤੇ ਉਸ ਦੇ ਸਹਿਯੋਗੀ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਅਦਾਲਤ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਸ਼ੈਕਤ ਮੰਡਲ ਨੇ ਬੀਤੇ ਦਿਨ ਇੱਕ ਮੈਜਿਸਟਰੇਟ ਸਾਹਮਣੇ ਇਹ ਸਵੀਕਾਰ ਕੀਤਾ ਕਿ ਉਸ ਦੀ ਫੇਸਬੁੱਕ ਪੋਸਟ ਕਾਰਨ 17 ਅਕਤੂਬਰ ਨੂੰ ਦੁਰਗਾ ਪੂਜਾ ਦੌਰਾਨ ਪੀਰਗੰਜ ਉਪ ਜ਼ਿਲ੍ਹੇ ਦੇ ਰੰਗਪੁਰ ’ਚ ਹਿੰਸਾ ਭੜਕੀ ਸੀ। ਮੰਡਲ ਦਾ ਸਾਥੀ ਰਬੀਉਲ ਇਸਲਾਮ (36) ਮੌਲਵੀ ਹੈ ਅਤੇ ਉਸ ਖ਼ਿਲਾਫ਼ ਅਗਜ਼ਨੀ ਤੇ ਲੁੱਟ-ਖੋਹ ਦਾ ਦੋਸ਼ ਹੈ। ਅਧਿਕਾਰੀ ਨੇ ਦੱਸਿਆ, ‘ਸ਼ੈਕਤ ਮੰਡਲ ਤੇ ਉਸ ਦੇ ਸਹਿਯੋਗੀ ਰਬੀਉਲ ਇਸਲਾਮ ਨੇ (ਉੱਤਰ ਪੱਛਮੀ) ਰੰਗਪੁਰ ’ਚ ਸੀਨੀਅਰ ਜੁਡੀਸ਼ਲ ਮੈਜਿਸਟਰੇਟ ਸਾਹਮਣੇ ਆਪਣੀ ਭੂਮਿਕਾ ਸਵੀਕਾਰ ਕਰ ਲਈ ਹੈ।’ ਪੁਲੀਸ ਨੇ ਉਸ ਨੂੰ ਸ਼ੁੱਕਰਵਾਰ ਨੂੰ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਡਿਜੀਟਲ ਸੁਰੱਖਿਆ ਕਾਨੂੰਨ ਤਹਿਤ ਕੇਸ ਦਰਜ ਕੀਤਾ ਸੀ। -ਪੀਟੀਆਈ