ਢਾਕਾ, 13 ਅਗਸਤ
ਢਾਕਾ ਦੀ ਇੱਕ ਅਦਾਲਤ ਵਲੋਂ ਬੰਗਲਾਦੇਸ਼ ਦੇ ਪਹਿਲੇ ਹਿੰਦੂ ਚੀਫ ਜਸਟਿਸ ਸੁਰੇਂਦਰ ਕੁਮਾਰ ਸਿਨਹਾ ਅਤੇ 10 ਹੋਰਾਂ ਖ਼ਿਲਾਫ਼ ਬੈਂਕ ਦੇ ਚਾਰ ਕਰੋੜ ਟਕੇ ਦੀਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਢਾਕਾ ਦੀ ਇੱਕ ਹੋਰ ਅਦਾਲਤ ਵਲੋਂ ਸੱਤ ਮਹੀਨੇ ਪਹਿਲਾਂ 69 ਵਰ੍ਹਿਆਂ ਦੇ ਸਾਬਕਾ ਚੀਫ ਜਸਟਿਸ, ਜੋ ਅਮਰੀਕਾ ਰਹਿੰਦੇ ਹਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਵਲੋਂ ਆਪਣੀ ਚਾਰਜਸ਼ੀਟ ਵਿੱਚ ‘ਭਗੌੜਾ’ ਐਲਾਨੇ ਗਏ ਹਨ, ਖ਼ਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਸਨ। ਢਾਕਾ ਵਿੱਚ ਸਰਕਾਰੀ ਵਕੀਲ ਨੇ ਦੱਸਿਆ, ‘‘ਅਦਾਲਤ ਵਲੋਂ ਅੱਜ ਐੱਸ.ਕੇ. ਸਿਨਹਾ ਅਤੇ 10 ਹੋਰਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ, ਜਿਸ ਨਾਲ ਫਾਰਮਰਜ਼ ਬੈਂਕ ਘੁਟਾਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ।’’ ਊਨ੍ਹਾਂ ਦੱਸਿਆ ਕਿ ਕੇਸ ਦੇ ਛੇ ਮੁਲਜ਼ਮ ਬੈਂਕ ਦੇ ਸਾਬਕਾ ਅਧਿਕਾਰੀ ਹਨ ਜਦਕਿ ਬਾਕੀ ਸਿਨਹਾ ਦੇ ਸਾਥੀ ਹਨ। ਅਦਾਲਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਜੱਜ ਸ਼ੇਖ਼ ਨਜ਼ਮੁਲ ਆਲਮ ਨੇ ਦੋਸ਼ ਪੜ੍ਹੇ ਅਤੇ ਕੇਸ ਦੀ ਅਗਲੀ ਸੁਣਵਾਈ 18 ਅਗਸਤ ਲਈ ਨਿਰਧਾਰਿਤ ਕੀਤੀ। -ਪੀਟੀਆਈ