ਲਾਸ ਏਂਜਲਸ: ਆਸਕਰ ਦੀ ਬੈਸਟ ਇੰਟਰਨੈਸ਼ਨਲ ਫੀਚਰ ਐਵਾਰਡ ਸ਼੍ਰੇਣੀ ਦੀਆਂ ਪੰਜ ਫਿਲਮਾਂ ਦੀ ਸੂਚੀ ਵਿੱਚ ਭੂਟਾਨ ਦੀ ਫਿਲਮ ‘ਲੂਨਾਨਾ: ਏ ਯਾਕ ਇਨ ਦਿ ਕਲਾਸਰੂਮ’ ਨੇ ਇਸ ਸ਼੍ਰੇਣੀ ਵਿਚ ਪਹਿਲੀ ਵਾਰ ਨਾਮਜ਼ਦਗੀ ਹਾਸਲ ਕੀਤੀ ਹੈ। ਕੌਮਾਂਤਰੀ ਦੌੜ ਵਿੱਚ ਸ਼ਾਮਲ ਹੋਣ ਵਾਲੀ ਫਿਲਮ ‘ਲੂਨਾਨਾ: ਏ ਯਾਕ ਇਨ ਦਿ ਕਲਾਸਰੂਮ’ ਦੇ ਨਿਰਦੇਸ਼ਕ ਪਾਵੋ ਚੋਯਨਿੰਗ ਦੋਰਜੀ ਹਨ। ਇਸ ਸਾਲ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਲਈ ਨਾਮਜ਼ਦ ਹੋਈਆਂ ਹੋਰ ਫਿਲਮਾਂ ਵਿੱਚ ਜਪਾਨ ਦੀ ‘ਡਰਾਈਵ ਮਾਇ ਕਾਰ’, ਇਟਲੀ ਦੀ ‘ਦਿ ਹੈਂਡ ਆਫ ਗੌਡ’, ਡੈਨਮਾਰਕ ਦੀ ‘ਫਲੀਅ’ ਅਤੇ ਨਾਰਵੇ ਦੀ ‘ਦਿ ਵਰਸਟ ਪਰਸਨ ਇਨ ਦਿ ਵਰਲਡ’ ਸ਼ਾਮਲ ਹਨ। ਹੌਲੀਵੁੱਡ ਰਿਪੋਰਟਜ਼ ਡਾਟ ਕਾਮ ਦੀ ਰਿਪੋਰਟ ਅਨੁਸਾਰ ਦਾਅਵੇਦਾਰਾਂ ਵਿੱਚੋਂ ਨਾਰਵੇ ਇਕਲੌਤਾ ਦੇਸ਼ ਹੈ, ਜਿਸ ਨੂੰ ਪਹਿਲਾਂ ਵੀ ਕਈ ਵਾਰ ਨਾਮਜ਼ਦ ਕੀਤਾ ਗਿਆ ਹੈ ਪਰ ਉਸ ਨੇ ਕਦੇ ਆਸਕਰ ਨਹੀਂ ਜਿੱਤਿਆ ਹੈ। ‘ਲੂਨਾਨਾ: ਏ ਯਾਕ ਇਨ ਦਿ ਕਲਾਸਰੂਮ’ ਵਿੱਚ ਮੁੱਖ ਤੌਰ ’ਤੇ ਗੈਰ-ਪੇਸ਼ੇਵਰ ਲੋਕਾਂ ਨੇ ਭੂਮਿਕਾ ਨਿਭਾਈ ਹੈ, ਜੋ ਇੱਕ ਹਿਮਾਲੀਅਨ ਪਿੰਡ ਵਿੱਚ ਰਹਿੰਦੇ ਹਨ, ਜਿੱਥੇ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ। ਇਹ ਭੂਟਾਨ ਦੀ ਰਾਜਧਾਨੀ ਵਿੱਚ ਆਪਣੀ ਦਾਦੀ ਨਾਲ ਰਹਿ ਰਹੇ ਇੱਕ ਗਾਇਕ ਸ਼ੈਰਾਬ ਦੋਰਜੀ ਦੀ ਕਹਾਣੀ ਹੈ, ਜਿਸ ਦਾ ਆਸਟ੍ਰੇਲੀਆ ਜਾਣ ਲਈ ਵੀਜ਼ਾ ਪ੍ਰਾਪਤ ਕਰਨ ਦਾ ਸੁਫ਼ਨਾ ਹੈ। ਜਦੋਂ ਉਸ ਦੇ ਸੁਪਰਵਾਈਜ਼ਰ ਨੇ ਦੇਖਿਆ ਕਿ ਉਹ ਕੰਮ ’ਤੇ ਢਿੱਲ-ਮੱਠ ਕਰ ਰਿਹਾ ਹੈ ਤਾਂ ਉਸ ਦੀ ਬਦਲੀ ਲੂਨਾਨਾ ਨਾਂ ਦੇ ਦੂਰ-ਦੁਰਾਡੇ ਪਿੰਡ ਵਿੱਚ ਹੋ ਜਾਂਦੀ ਹੈ। 94ਵਾਂ ਐਕਡਮੀ ਐਵਾਰਡ ਸਮਾਰੋਹ 27 ਮਾਰਚ ਨੂੰ ਹੌਲੀਵੁੱਡ ਦੇ ਡੌਲਬੀ ਥੀਏਟਰ ਵਿੱਚ ਹੋਵੇਗਾ। -ਆਈਏਐੱਨਐੱਸ