ਪਿੱਟਸਬਰਗ (ਅਮਰੀਕਾ), 1 ਸਤੰਬਰ
ਜੋਅ ਬਾਇਡਨ ਨੇ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਮੁਲਕ ਦੀਆਂ ਕਦਰਾਂ-ਕੀਮਤਾਂ ’ਚ ਜ਼ਹਿਰ ਘੋਲਣ ਦਾ ਦੋਸ਼ ਲਾਇਆ। ਉਨ੍ਹਾਂ ਸੋਮਵਾਰ ਨੂੰ ਹੋਏ ਮੁਜ਼ਾਹਰਿਆਂ ਲਈ ਟਰੰਪ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਟਰੰਪ ਬਿਨਾਂ ਸੋਚੇ-ਸਮਝੇ ਭਾਸ਼ਣ ਦੇ ਕੇ ਚਲੇ ਜਾਂਦੇ ਹਨ ਜਿਸ ਮਗਰੋਂ ਹਿੰਸਾ ਭੜਕਦੀ ਹੈ ਹਾਲਾਂਕਿ ਉਨ੍ਹਾਂ ਖ਼ੁਦ ਨੂੰ ਹਿੰਸਾ ’ਚ ਸ਼ਾਮਲ ਕੱਟੜਪੰਥੀਆਂ ਤੋਂ ਵੱਖ ਕਰ ਲਿਆ। ਸ੍ਰੀ ਬਾਇਡਨ ਨੇ ਟਰੰਪ ਬਾਰੇ ਆਖਿਆ,‘ਉਹ ਚਾਨਣ ਨਹੀਂ ਬਿਖ਼ੇਰਨਾ ਚਾਹੁੰਦੇ, ਉਹ ਭੜਕਾਹਟ ਪੈਦਾ ਕਰਨੀ ਚਾਹੁੰਦੇ ਹਨ ਤੇ ਉਹ ਸਾਡੇ ਸ਼ਹਿਰਾਂ ਵਿੱਚ ਹਿੰਸਾ ਭੜਕਾ ਰਹੇ ਹਨ।’ ਬਾਇਡਨ ਨੇ ਆਪਣੇ ਚੋਣ ਥੀਮ ਨੂੰ ਟਰੰਪ ਵੱਲੋਂ ਕੋਵਿਡ- 19 ਮਹਾਮਾਰੀ ਨਾਲ ਕਥਿਤ ਲਾਪਰਵਾਹੀ ਨਾਲ ਨਜਿੱਠਣ ਉੱਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਅਮਰੀਕਾ ਵਿੱਚ 1,80,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਰੰਪ ਤੇ ਉਨ੍ਹਾਂ ਦੀ ਟੀਮ ਦਾ ਮੰਨਣਾ ਹੈ ਕਿ ਕੋਵਿਡ- 19 ਮਹਾਮਾਰੀ ਤੋਂ ਬਾਅਦ ਕੌਮੀ ਪੱਧਰ ਦੀ ਉਥਲ-ਪੁਥਲ ਉਨ੍ਹਾਂ ਲਈ ਚੰਗੀ ਹੈ।
-ਏਪੀ
ਬਾਇਡਨ ਵੱਲੋਂ ਮੁਖਰਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਵਾਸ਼ਿੰਗਟਨ: ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਕਿ ਪ੍ਰਣਬ ਮੁਖਰਜੀ ਆਲਮੀ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਭਾਰਤ ਤੇ ਅਮਰੀਕਾ ਦੇ ਮਿਲ ਕੇ ਕੰਮ ਕਰਨ ’ਚ ਯਕੀਨ ਰੱਖਦੇ ਸਨ। ਅਮਰੀਕਾ ਦੇ ਹੋਰ ਕਈ ਆਗੂਆਂ ਤੇ ਸੰਸਥਾਵਾਂ ਨੇ ਵੀ ਸਾਬਕਾ ਰਾਸ਼ਟਰਪਤੀ ਸ੍ਰੀ ਮੁਖਰਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-ਪੀਟੀਆਈ