ਵਾਸ਼ਿੰਗਟਨ, 16 ਜੁਲਾਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਵੱਲੋਂ ਵ੍ਹਾਈਟ ਹਾਊਸ ਵਿੱਚ ਦੁਵੱਲੀ ਮੀਟਿੰਗ ਦੌਰਾਨ ਚੀਨ ਵੱਲੋਂ ਪੇਸ਼ ਚੁਣੌਤੀਆਂ ’ਤੇ ਚਰਚਾ ਕੀਤੀ ਗਈ। ਮਰਕਲ ਨੇ ਬਾਇਡਨ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਅਸੀਂ ਚੀਨ ਬਾਰੇ ਗੱਲਬਾਤ ਕੀਤੀ ਹੈ ਅਤੇ ਇਸ ਨੂੰ ਲੈ ਕੇ ਸਾਡੀ ਸਮਝ ਇੱਕੋ ਜਿਹੀ ਸੀ ਕਿ ਚੀਨ ਕਈ ਖੇਤਰਾਂ ਵਿੱਚ ਸਾਡਾ ਮੁਕਾਬਲੇਬਾਜ਼ ਹੈ।’ ਉਨ੍ਹਾਂ ਕਿਹਾ ਕਿ ਦੋਨਾਂ ਨੇਤਾਵਾਂ ਨੇ ਸਹਿਯੋਗ ਦੇ ਕਈ ਪਹਿਲੂਆਂ ਤੋਂ ਇਲਾਵਾ ਚੀਨ ਨਾਲ ਮੁਕਾਬਲੇ ’ਤੇ ਗੱਲਬਾਤ ਕੀਤੀ ਭਾਵੇਂ ਉਹ ਆਰਥਿਕ ਖੇਤਰ ਬਾਰੇ ਹੋਵੇ ਜਾਂ ਜਲਵਾਯੂ ਸੁਰੱਖਿਆ, ਫ਼ੌਜੀ ਖੇਤਰ ਜਾਂ ਫਿਰ ਸੁਰੱਖਿਆ ਖੇਤਰ। ਉਨ੍ਹਾਂ ਕਿਹਾ, ‘ਯਕੀਨਨ ਅੱਗੇ ਵੀ ਬਹੁਤ ਚੁਣੌਤੀਆਂ ਹਨ।’ ਮਰਕਲ ਨੇ ਕਿਹਾ, ‘ਚੀਨ ਨਾਲ ਵਪਾਰ ਇਸ ਧਾਰਨਾ ’ਤੇ ਟਿਕਿਆ ਹੋਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ।’ -ਪੀਟੀਆਈ
ਚੀਨ ਦੇ ਟਾਕਰੇ ਲਈ ਅਮਰੀਕੀ ਕਾਂਗਰਸ ਕਮੇਟੀ ਵੱਲੋਂ ਈਗਲ ਕਾਨੂੰਨ ਪਾਸ
ਵਾਸ਼ਿੰਗਟਨ: ਕੁਆਡ ਮੁਲਕਾਂ ਨਾਲ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਅਮਰੀਕਾ ’ਚ ਕਾਂਗਰਸ ਦੀ ਇੱਕ ਮਹੱਤਵਪੂਰਨ ਕਮੇਟੀ ਨੇ ਚੀਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਮਕਸਦ ਨਾਲ ਇੱਕ ਕਾਨੂੰਨ ਈਗਲ ਪਾਸ ਕੀਤਾ ਹੈ। ਪ੍ਰਤੀਨਿਧ ਸਭਾ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੇ ਇੱਥੇ ਆਪਣੀ ਮੀਟਿੰਗ ’ਚ ਐਨਸ਼ਿਓਰਿੰਗ ਅਮੈਰੀਕਨ ਗਲੋਬਲ ਲੀਡਰਸ਼ਿਪ ਐਂਡ ਐਂਗੇਜਮੈਂਟ (ਈਗਲ) ਕਾਨੂੰਨ ਪਾਸ ਕੀਤਾ ਹੈ। ਕਾਨੂੰਨ ’ਚ ਹੋਰ ਚੀਜ਼ਾਂ ਤੋਂ ਇਲਾਵਾ ਕਈ ਅਹਿਮ ਤਜਵੀਜ਼ਾਂ ਸ਼ਾਮਲ ਹਨ ਜੋ ਰਣਨੀਤਕ ਤੌਰ ’ਤੇ ਅਹਿਮ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀਆਂ ਚੁਣੌਤੀਆਂ ਦੇ ਮੁਕਾਬਲੇ ’ਚ ਅਮਰੀਕਾ ਦੀ ਕੂਟਨੀਤੀ ਤੇ ਅਗਵਾਈ ਨੂੰ ਮਜ਼ਬੂਤੀ ਦੇਣਗੀਆਂ। -ਪੀਟੀਆਈ