ਵਾਸ਼ਿੰਗਟਨ, 29 ਅਪਰੈਲ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਂਗਰਸ ਨੂੰ ਵਿਆਪਕ ਇਮੀਗਰੇਸ਼ਨ ਸੁਧਾਰਾਂ ਬਾਰੇ ਬਿੱਲ ਨੂੰ ਪਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਮਹਾਮਾਰੀ ਦੌਰਾਨ ਪਰਵਾਸੀਆਂ ਨੇ ਅਮਰੀਕਾ ਲਈ ਬਹੁਤ ਕੁਝ ਕੀਤਾ ਹੈ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਦਿਨ ਬਾਇਡਨ ਨੇ ਵਿਆਪਕ ਇਮੀਗਰੇਸ਼ਨ ਬਿੱਲ ਕਾਂਗਰਸ ’ਚ ਭੇਜਿਆ ਸੀ ਜਿਸ ’ਚ ਕਾਨੂੰਨੀ ਦਰਜਾ ਦੇਣ ਅਤੇ ਅਜਿਹੇ ਹਜ਼ਾਰਾਂ ਪਰਵਾਸੀਆਂ ਨੂੰ ਨਾਗਰਿਕਤਾ ਦੇਣ ਦੀ ਤਜਵੀਜ਼ ਹੈ ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ। ਬਾਇਡਨ ਨੇ ਬੁੱਧਵਾਰ ਨੂੰ ਅਮਰੀਕੀ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਆਪਣੇ ਪਹਿਲੇ ਸੰਬੋਧਨ ਦੌਰਾਨ ਕਿਹਾ ਕਿ ਇਮੀਗਰੇਸ਼ਨ ਹਮੇਸ਼ਾ ਅਮਰੀਕਾ ਲਈ ਜ਼ਰੂਰੀ ਰਿਹਾ ਹੈ। ‘ਆਓ ਇਮੀਗਰੇਸ਼ਨ ’ਤੇ ਆਪਣੀ ਲੜਾਈ ਖ਼ਤਮ ਕਰੀਏ।
ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਆਗੂ ਇਮੀਗਰੇਸ਼ਨ ਸੁਧਾਰਾਂ ਬਾਰੇ ਗੱਲ ਕਰਦੇ ਆ ਰਹੇ ਹਨ ਪਰ ਉਨ੍ਹਾਂ ਇਸ ਬਾਰੇ ਕੁਝ ਨਹੀਂ ਕੀਤਾ ਅਤੇ ਹੁਣ ਸਮਾਂ ਆ ਗਿਆ ਹੈ ਕਿ ਬਿੱਲ ਨੂੰ ਪਾਸ ਕੀਤਾ ਜਾਵੇ।’ ਉਨ੍ਹਾਂ ਕਿਹਾ ਕਿ ਅਮਰੀਕਾ ’ਚ ਪੱਕੇ ਤੌਰ ’ਤੇ ਰਹਿਣ ਦਾ ਸੁਫ਼ਨਾ ਦੇਖਣ ਵਾਲਿਆਂ ਲਈ ਇਹ ਬਿੱਲ ਪਾਸ ਹੋਣਾ ਜ਼ਰੂਰੀ ਹੈ। -ਪੀਟੀਆਈ
ਆਪਣੀ ਫ਼ੌਜ ਅਫ਼ਗਾਨਿਸਤਾਨ ’ਚੋਂ ਹਟਾਉਣ ਦਾ ਸਹੀ ਸਮਾਂ ਆਇਆ: ਬਾਇਡਨ
ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਅਮਰੀਕਾ ਦੀ ਬਹਾਦਰੀ ਅਤੇ ਕੁਰਬਾਨੀਆਂ ਨਾਲ ਭਰੇ 20 ਵਰ੍ਹਿਆਂ ਮਗਰੋਂ ਆਪਣੀ ਫ਼ੌਜ ਨੂੰ ਮੁਲਕ ਸੱਦਣ ਦਾ ਇਹ ਸਹੀ ਸਮਾਂ ਹੈ। ਬਾਇਡਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਮੁਲਕ ਨੂੰ ਭਵਿੱਖ ’ਚ ਪੈਦਾ ਹੋਣ ਵਾਲੇ ਖ਼ਤਰਿਆਂ ਨਾਲ ਨਜਿੱਠਣ ਦੇ ਪੂਰੇ ਸਮਰੱਥ ਹੈ। ਕਾਂਗਰਸ ਦੇ ਸਾਂਝੇ ਇਜਲਾਸ ਨੂੰ ਆਪਣੇ ਪਲੇਠੇ ਸੰਬੋਧਨ ਦੌਰਾਨ ਬਾਇਡਨ ਨੇ ਅਮਰੀਕੀਆਂ ਨੂੰ ਇਹ ਭਰੋਸਾ ਦਿੱਤਾ। ਇਸ ਮਹੀਨੇ ਦੇ ਸ਼ੁਰੂ ’ਚ ਬਾਇਡਨ ਨੇ ਐਲਾਨ ਕੀਤਾ ਸੀ ਕਿ ਉਹ 11 ਸਤੰਬਰ ਤੱਕ ਅਫ਼ਗਾਨਿਸਤਾਨ ’ਚੋਂ ਸਾਰੀ ਅਮਰੀਕੀ ਫ਼ੌਜ ਨੂੰ ਮੁਲਕ ਸੱਦ ਲੈਣਗੇ ਅਤੇ ਇਹ ਅਮਲ ਪਹਿਲੀ ਮਈ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ, ਅਫ਼ਗਾਨਿਸਤਾਨ ’ਚੋਂ ਹਮੇਸ਼ਾ ਲਈ ਜੰਗ ਖ਼ਤਮ ਕਰਵਾਉਣਾ ਚਾਹੁੰਦਾ ਹੈ। -ਪੀਟੀਆਈ