ਵਾਸ਼ਿੰਗਟਨ, 21 ਅਗਸਤ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਤੋਂ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਕੱਢ ਲਿਆਉਣ ਨੂੰ ਇਤਿਹਾਸ ਦੀ ਵੱਡੀ ਤੇ ਸਭ ਤੋਂ ਮੁਸ਼ਕਲ ਮਸ਼ਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਵੱਡਾ ਜੋਖ਼ਮ ਹੈ ਤੇ ਜਾਨਾਂ ਵੀ ਜਾ ਸਕਦੀਆਂ ਹਨ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਰੀਕੀ ਸਦਰ ਨੇ ਕਿਹਾ ਕਿ ਉਨ੍ਹਾਂ ਅਫ਼ਗ਼ਾਨਿਸਤਾਨ ਵਿੱਚ ਅਤਿਵਾਦ ਦੇ ਟਾਕਰੇ ਲਈ ਮੁਹਿੰਮ ’ਤੇ ਨਜ਼ਰ ਬਣਾਈ ਹੋਈ ਹੈ। ਬਾਇਡਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਬੁਲ ਹਵਾਈ ਅੱਡੇ ’ਤੇ ਉਸ ਦੇ ਕਿਸੇ ਵੀ ਆਪਰੇਸ਼ਨ ਵਿੱਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ ਜਾਂ ਅਮਰੀਕੀ ਸੁਰੱਖਿਆ ਬਲਾਂ ’ਤੇ ਹਮਲਾ ਹੋਇਆ ਤਾਂ ਇਸ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ। ਬਾਇਡਨ ਨੇ ਅਫ਼ਗ਼ਾਨਿਸਤਾਨ ’ਚੋਂ ਅਮਰੀਕੀ ਫੌਜਾਂ ਨੂੰ ਵਾਪਸ ਸੱਦਣ ਦੇ ਆਪਣੇ ਫੈਸਲੇ ਦੀ ਮੁੜ ਵਕਾਲਤ ਕੀਤੀ ਹੈ। -ਪੀਟੀਆਈ