ਕੋਲੰਬਸ (ਅਮਰੀਕਾ), 24 ਮਾਰਚ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ 1.9 ਅਰਬ ਡਾਲਰ ਦਾ ਰਾਹਤ ਪੈਕੇਜ ਬਰਾਕ ਓਬਾਮਾ ਪ੍ਰਸਾਸ਼ਨ ਦੇ ‘ਐਫੋਰਡਏਬਲ ਕੇਅਰ ਐਕਟ’ ਦੇ ਵਾਅਦੇ ’ਤੇ ਆਧਾਰਿਤ ਹੋਵੇਗਾ, ਜੋ 11 ਸਾਲ ਪਹਿਲਾਂ ਕਾਨੂੰਨ ਬਣ ਗਿਆ ਸੀ। ਬਾਇਡਨ ਦਾ ਕੋਵਿਡ-19 ਰਾਹਤ ਕਾਨੂੰਨ ‘ਓਬਾਮਾਕੇਅਰ’ ਤਹਿਤ ਮਿਲਣ ਵਾਲੀਆਂ ਰਾਹਤਾਂ ਨੂੰ ਹੁਲਾਰਾ ਦੇੇਵੇਗਾ, ਜਿਸ ਨਾਲ ਕਰੋਨਾ ਮਹਾਮਾਰੀ ਕਾਰਨ ਲੰਬੇ ਸਮੇਂ ਵਿੱਤੀ ਅਤੇ ਹੋਰ ਮੁਸ਼ਕਲਾਂ ਝੱਲਾਂ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ। ਇਸ ਤਹਿਤ ਹੈਲਥਕੇਅਰ.ਜੀਓਵੀ ਰਾਹੀਂ ਪਾਲਿਸੀਆਂ ਖ਼ਰੀਦਣ ਵਾਲੇ ਲੋਕਾਂ ਨੂੰ ਪਾਲਿਸੀ ਲਈ 100 ਡਾਲਰ ਘੱਟ ਅਦਾ ਕਰਨੇ ਪੈਣਗੇ।
ਬਾਇਡਨ ਨੇ ਮੰਗਲਵਾਰ ਨੂੰ ਓਹਾਇਓ ਦੇ ਕੋਲੰਬਸ ’ਚ ਜੇਮਸ ਕੈਂਸਰ ਹਸਪਤਾਲ ’ਚ ਕਿਹਾ, ‘ਸਾਡਾ ਫਰਜ਼ ਸਿਰਫ ਇਸ ਨੂੰ ਬਚਾਉਣਾ ਹੀ ਨਹੀਂ, ਬਲਕਿ ਇਸ ਬਿਹਤਰ ਬਣਾਉਣਾ ਅਤੇ ਦੇਸ਼ ਨੂੰ ਅਜਿਹਾ ਬਣਾਉਣਾ ਹੈ ਜਿੱਥੇ ਸਾਰਿਆਂ ਨੂੰ ਸਿਹਤ ਸੇਵਾਵਾਂ ਦਾ ਅਧਿਕਾਰ ਹੋਵੇ।’ ਉਨ੍ਹਾਂ ਕਿਹਾ, ‘ਇਸ ਨਾਲ ਲੱਖਾਂ ਪਰਿਵਾਰ ਨਿਸਚਿੰਤ ਹੋ ਕੇ ਸੌਂ ਸਕਣਗੇ ਕਿਉਂਕਿ ਬਿਮਾਰ ਹੋਣ ਦੀ ਸੂਰਤ ਵਿੱਚ ਵੀ ਉਨ੍ਹਾਂ ਨੂੰ ਖਰਚੇ ਦਾ ਭੈਅ ਨਹੀਂ ਸਤਾਏਗਾ।’ ਪ੍ਰਸਾਸ਼ਨ ਵੱਲੋਂ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਕਿ ਲੋਕ ਹੁਣ ਸਬਸਿਡਰੀ ਹੈਲਥਕੇਅਰ.ਜੀਓਵੀ ਬੀਮੇ ਲਈ 15 ਅਗਸਤ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਬਾਇਡਨ ਪ੍ਰਸਾਸ਼ਨ ਵੱਲੋਂ ਆਪਣੇ ਕਰੋਨਾ ਪੈਕੇਜ ਤਹਿਤ ਸਿਹਤ ਬੀਮਾ ਲਈ ਰਜਿਸਟਰੇਸ਼ਨ ਵਾਸਤੇ ਤਿੰਨ ਮਹੀਨਿਆਂ ਦੀ ਮਿਆਦ ਵਧਾਈ ਗਈ ਹੈ। -ਪੀਟੀਆਈ