ਵਾਸ਼ਿੰਗਟਨ, 15 ਮਾਰਚ
ਰਾਸ਼ਟਰਪਤੀ ਜੋਅ ਬਾੲਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਜੀਵਨ ਸਾਥੀ ਦੇਸ਼ ਦਾ ਦੌਰਾ ਕਰਕੇ ਕਰੋਨਾਵਾਇਰਸ ਨੂੰ ਹਰਾਉਣ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਜਾਰੀ ਕੀਤੇ ਗਏ 1.9 ਖ਼ਰਬ ਡਾਲਰ ਦੀ ਰਾਹਤ ਯੋਜਨਾ ਦੇ ਲਾਭ ਲੋਕਾਂ ਨੂੰ ਦੱਸਣਗੇ। ਵ੍ਹਾਈਟ ਹਾਊਸ ਵੱਲੋਂ ‘ਹੈਲਪ ਇਜ਼ ਹੇਅਰ’ ਨਾਮ ਦੇ ਰੋਡ ਸ਼ੋਅ ਕੀਤੇ ਜਾਣਗੇ। ਹੈਰਿਸ ਲਾਸ ਵੇਗਾਸ ’ਚ ਕੋਵਿਡ-19 ਟੀਕਾਕਰਨ ਵਾਲੇ ਕੇਂਦਰ ਜਦਕਿ ਪ੍ਰਥਮ ਮਹਿਲਾ ਜਿਲ ਬਾਇਡਨ ਨਿਊਜਰਸੀ ਦੇ ਐਲੀਮੈਂਟਰੀ ਸਕੂਲ ਦਾ ਦੌਰਾ ਕਰੇਗੀ। ਰਾਸ਼ਟਰਪਤੀ ਵੱਲੋਂ ਪੈਨਸਿਲਵੇਨੀਆ ਦੀ ਡੈਲਾਵੇਅਰ ਕਾਊਂਟੀ ’ਚ ਮੰਗਲਵਾਰ ਨੂੰ ਦੌਰਾ ਕਰਨ ਦੀ ਯੋਜਨਾ ਹੈ। ਬਾਇਡਨ ਅਤੇ ਹੈਰਿਸ ਸ਼ੁੱਕਰਵਾਰ ਨੂੰ ਇਕੱਠਿਆਂ ਅਟਲਾਂਟਾ ’ਚ ਨਜ਼ਰ ਆਉਣਗੇ। ਹੈਰਿਸ ਵੱਲੋਂ ਡੈਨਵਰ ’ਚ ਮੰਗਲਵਾਰ ਨੂੰ ਛੋਟੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਵੈਕਸੀਨੇਸ਼ਨ ਕੇਂਦਰਾਂ, ਕਾਰੋਬਾਰੀ ਅਦਾਰੇ, ਸਕੂਲਾਂ ਅਤੇ ਹੋਰ ਥਾਵਾਂ ’ਤੇ ਲੋਕਾਂ ਨੂੰ ਅਮਰੀਕੀ ਰਾਹਤ ਯੋਜਨਾ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। -ਏਪੀ
ਜਾਂਚ ਹੋਣ ਤੱਕ ਨਿਊਯਾਰਕ ਦਾ ਗਵਰਨਰ ਅਸਤੀਫ਼ਾ ਨਹੀਂ ਦੇਵੇਗਾ: ਬਾਇਡਨ
ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਹੈ, ਉਦੋਂ ਤੱਕ ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਤੋਂ ਅਸਤੀਫ਼ਾ ਨਹੀਂ ਲਿਆ ਜਾਵੇਗਾ। ਕਿਊਮੋ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਕਈ ਦੋਸ਼ ਲੱਗੇ ਹਨ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਇਕ ਪੱਤਰਕਾਰ ਵੱਲੋਂ ਕਿਊਮੋ ਦੇ ਅਸਤੀਫ਼ੇ ਬਾਰੇ ਸਵਾਲ ਕੀਤੇ ਜਾਣ ’ਤੇ ਬਾਇਡਨ ਨੇ ਕਿਹਾ,‘‘ਉਸ ਖ਼ਿਲਾਫ਼ ਜਾਂਚ ਚੱਲ ਰਹੀ ਹੈ ਅਤੇ ਸਾਨੂੰ ਉਸ ਦੇ ਨਤੀਜੇ ਦੀ ਉਡੀਕ ਕਰਨੀ ਚਾਹੀਦੀ ਹੈ।’’ ਆਪਣੇ ਘਰ ਡੈਲਾਵੇਅਰ ’ਚ ਦੋ ਦਿਨ ਬਿਤਾਉਣ ਮਗਰੋਂ ਵ੍ਹਾਈਟ ਹਾਊਸ ਪਰਤੇ ਬਾਇਡਨ ਨੇ ਇਹ ਬਿਆਨ ਦਿੱਤਾ। ਉਨ੍ਹਾਂ ਕਿਊਮੋ ਖ਼ਿਲਾਫ਼ ਲੱਗੇ ਦੋਸ਼ਾਂ ’ਤੇ ਪਹਿਲਾਂ ਜਨਤਕ ਤੌਰ ’ਤੇ ਕੋਈ ਬਿਆਨ ਨਹੀਂ ਦਿੱਤਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਸੀ ਕਿ ਜਿਹੜੀ ਵੀ ਮਹਿਲਾ ਸਾਹਮਣੇ ਆ ਰਹੀ ਹੈ, ਉਸ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਸੀ ਕਿ ਰਾਸ਼ਟਰਪਤੀ ਜਾਂਚ ਦੇ ਪੱਖ ’ਚ ਹਨ। -ਏਪੀ