ਵਾਸ਼ਿੰਗਟਨ, 6 ਜੂਨ
ਅਮਰੀਕਾ ਦੇ ਸਾਬਕਾ ਊਪ-ਰਾਸ਼ਟਰਪਤੀ ਜੋਅ ਬਿਡੇਨ ਰਸਮੀਂ ਤੌਰ ’ਤੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਊਮੀਦਵਾਰ ਬਣ ਗਏ ਹਨ। ਇਸ ਵਰ੍ਹੇ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਜੋਅ ਬਿਡੇਨ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ, ਜੋ ਦੂਜੀ ਵਾਰ ਰਾਸ਼ਟਰਪਤੀ ਅਹੁਦੇ ਲਈ ਮੈਦਾਨ ਵਿੱਚ ਹਨ, ਨੂੰ ਚੁਣੌਤੀ ਦੇਣਗੇ।
ਸ਼ੁੱਕਰਵਾਰ ਦੀ ਰਾਤ 77 ਵਰ੍ਹਿਆਂ ਦੇ ਬਿਡੇਨ ਕੁੱਲ 3,979 ਡੈਲੀਗੇਟਾਂ ਵਿਚੋਂ ਅੱਧੇ ਤੋਂ ਵੱਧ 1,991 ਡੈਲੀਗੇਟਾਂ ਦਾ ਸਮਰਥਨ ਹਾਸਲ ਕਰਕੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਦੇ ਊਮੀਦਵਾਰ ਲਈ ਨਾਮਜ਼ਦਗੀ ਜਿੱਤ ਗਏ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ (2009 ਤੋਂ 2017) ਦੌਰਾਨ ਊਪ- ਰਾਸ਼ਟਰਪਤੀ ਰਹੇ ਬਿਡੇਨ ਨੂੰ ਅਗਸਤ ਵਿੱਚ ਵਿਸਕੋਨਸਿਨ ਵਿੱਚ ਹੋਣ ਵਾਲੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਮੌਕੇ ਰਸਮੀਂ ਤੌਰ ’ਤੇ ਨਾਮਜ਼ਦ ਕੀਤਾ ਜਾਵੇਗਾ। ਡੈਲੀਗੇਟਾਂ ਦਾ ਬਹੁਮਤ ਹਾਸਲ ਕਰਨ ਮਗਰੋਂ ਬਿਡੇਨ ਨੇ ਕਿਹਾ ਕਿ ਅਮਰੀਕਾ ਆਪਣੇ ਇਤਿਹਾਸ ਦੇ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ ਅਤੇ ਟਰੰਪ ਦੀ ਗੁਸੈਲ ਤੇ ਵੰਡ-ਪਾਊ ਸਿਆਸਤ ਇਸ ਦਾ ਹੱਲ ਨਹੀਂ ਹੈ। ਊਨ੍ਹਾਂ ਕਿਹਾ, ‘‘ਦੇਸ਼ ਲੀਡਰਸ਼ਿਪ ਲਈ ਵਿਲਕ ਰਿਹਾ ਹੈ। ਅਜਿਹੀ ਲੀਡਰਸ਼ਿਪ ਜੋ ਸਾਨੂੰ ਇਕਜੁਟ ਕਰ ਕਰੇ। ਸਾਨੂੰ ਇਸ ਵੇਲੇ ਅਜਿਹੇ ਅਰਥਚਾਰੇ ਦੀ ਲੋੜ ਹੈ ਜੋ ਹਰੇਕ ਲਈ ਕੰਮ ਕਰੇ।’’ ਊਨ੍ਹਾਂ ਅੱਗੇ ਕਿਹਾ, ‘‘ਸਾਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਸਾਡੇ ਜ਼ਖ਼ਮ ਭਰਨ ਦੀ ਪ੍ਰਵਾਹ ਕਰਦਾ ਹੋਵੇ।’’ ਦੱਸਣਯੋਗ ਹੈ ਕਿ ਬਿਡੇਨ ਭਾਰਤ ਅਤੇ ਅਮਰੀਕਾ ਸਬੰਧਾਂ ਦਾ ਸਮਰਥਕ ਰਿਹਾ ਹੈ।
-ਪੀਟੀਆਈ