ਵਾਸ਼ਿੰਗਟਨ, 11 ਨਵੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗੁੰਝਲਦਾਰ ਆਲਮੀ ਸਪਲਾਈ ਚੇਨ ’ਤੇ ਕੋਵਿਡ-19 ਦੇ ਅਸਰ ਬਾਰੇ ਵੇਰਵੇ ਦਿੰਦਿਆਂ ਭਾਰਤ ਅਤੇ ਬ੍ਰਾਜ਼ੀਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਆਲਮੀ ਸਪਲਾਈ ਚੇਨ ਪ੍ਰਭਾਵਿਤ ਹੋਈ ਜਿਸ ਦੇ ਨਤੀਜੇ ਵਜੋਂ ਕ੍ਰਿਸਮਸ ਤੋਂ ਪਹਿਲਾਂ ਮਹਿੰਗਾਈ ਵਧ ਗਈ ਹੈ ਅਤੇ ਵਸਤਾਂ ਦੀ ਢੋਆ-ਢੁਆਈ ’ਚ ਦੇਰੀ ਹੋ ਰਹੀ ਹੈ। ਬਾਲਟੀਮੋਰ ’ਚ ਆਪਣੇ ਸੰਬੋਧਨ ਦੌਰਾਨ ਬਾਇਡਨ ਨੇ ਅਮਰੀਕਾ ਦੀਆਂ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਮਾਲ ਗੱਡੀਆਂ ਦੇ ਆਧੁਨਿਕੀਕਰਨ ਦਾ ਵਾਅਦਾ ਕੀਤਾ ਤਾਂ ਜੋ ਅਮਰੀਕੀ ਕੰਪਨੀਆਂ ਲਈ ਆਪਣੇ ਸਾਮਾਨ ਬਾਜ਼ਾਰ ’ਚ ਲਿਆਉਣ ਅਤੇ ਸਪਲਾਈ ਚੇਨ ਦੇ ਸੰਕਟ ਨੂੰ ਖ਼ਤਮ ਕਰਨਾ ਆਸਾਨ ਹੋ ਸਕੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਪਹਿਲਾਂ ਸਪਲਾਈ ਚੇਨ ’ਤੇ ਕਦੇ ਵੀ ਇੰਨਾ ਅਸਰ ਨਹੀਂ ਪਿਆ ਸੀ। ਉਨ੍ਹਾਂ ਪੈਨਸਿਲ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਇਸ ਲਈ ਬ੍ਰਾਜ਼ੀਲ ਤੋਂ ਲੱਕੜ ਅਤੇ ਭਾਰਤ ਤੋਂ ਗ੍ਰੈਫਾਈਟ ਮੰਗਵਾਇਆ ਜਾਂਦਾ ਹੈ। ਇਸ ਤੋਂ ਬਾਅਦ ਪੈਨਸਿਲ ਦਾ ਉਤਪਾਦਨ ਅਮਰੀਕਾ ਦੀ ਕਿਸੇ ਫੈਕਟਰੀ ’ਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਥੋੜ੍ਹੀ ਅਜੀਬ ਗੱਲ ਹੈ ਪਰ ਅਸਲੀਅਤ ਹੈ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ’ਚ ਅਚਾਨਕ ਕੋਵਿਡ ਸੰਕਟ ਪੈਦਾ ਹੋ ਗਿਆ ਅਤੇ ਪਲਾਂਟ ਬੰਦ ਹੋਣ ਕਾਰਨ ਵਸਤੂਆਂ ਨਹੀਂ ਮਿਲੀਆਂ। ਅੰਕੜਿਆਂ ਮੁਤਾਬਕ ਅਮਰੀਕਾ ’ਚ ਕੀਮਤਾਂ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ’ਚ ਇਸ ਵਾਰ 6.2 ਫ਼ੀਸਦ ਤੱਕ ਵਧ ਗਈਆਂ ਹਨ ਜੋ 1990 ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਵਧੀਆਂ ਹਨ। -ਪੀਟੀਆਈ