ਵਾਸ਼ਿੰਗਟਨ, 10 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀਰਵਾਰ ਫੋਨ ’ਤੇ ਗੱਲਬਾਤ ਕੀਤੀ ਹੈ। ਬਾਇਡਨ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਸ਼ੀ ਨਾਲ ਇਹ ਉਨ੍ਹਾਂ ਦੀ ਦੂਜੀ ਫੋਨ ਕਾਲ ਸੀ। ਦੋਵਾਂ ਮੁਲਕਾਂ ਵਿਚ ਕਈ ਮੁੱਦਿਆਂ ਉਤੇ ਖਿੱਚੋਤਾਣ ਹੈ, ਜਿਸ ਵਿਚ ਸਾਈਬਰ ਸੁਰੱਖਿਆ, ਕਰੋਨਾਵਾਇਰਸ ਮਹਾਮਾਰੀ ਜਿਹੇ ਮੁੱਦੇ ਸ਼ਾਮਲ ਹਨ। ਬਾਇਡਨ ਨੇ ਸ਼ੀ ਜਿਨਪਿੰਗ ਨਾਲ ਕਰੀਬ 90 ਮਿੰਟ ਗੱਲਬਾਤ ਕੀਤੀ ਜੋ ਅਮਰੀਕਾ-ਚੀਨ ਦੇ ਰਿਸ਼ਤਿਆਂ ਦੇ ਭਵਿੱਖ ਉਤੇ ਵੱਧ ਕੇਂਦਰਤ ਰਹੀ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿਚ ਕਿਹਾ ਦੋਵਾਂ ਆਗੂਆਂ ਨੇ ਵਿਆਪਕ, ਰਣਨੀਤਕ ਵਿਚਾਰ-ਚਰਚਾ ਕੀਤੀ ਹੈ। ਕੁਝ ਅਜਿਹੇ ਖੇਤਰਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ ਜਿੱਥੇ ਦੋਵਾਂ ਮੁਲਕਾਂ ਦੇ ਹਿੱਤ ਜੁੜਦੇ ਹਨ। ਉਨ੍ਹਾਂ ਖੇਤਰਾਂ ਬਾਰੇ ਵੀ ਗੱਲਬਾਤ ਹੋਈ ਹੈ ਜਿੱਥੇ ਚੀਨ-ਅਮਰੀਕਾ ਦੇ ਹਿੱਤ, ਕਦਰਾਂ-ਕੀਮਤਾਂ ਤੇ ਦ੍ਰਿਸ਼ਟੀਕੋਣ ਵੱਖ-ਵੱਖ ਹਨ। ਵ੍ਹਾਈਟ ਹਾਊਸ ਨੇ ਆਸ ਜਤਾਈ ਕਿ ਦੋਵੇਂ ਮੁਲਕ ਜਲਵਾਯੂ ਤਬਦੀਲੀ ਤੇ ਕੋਰੀਆ ਦੇ ਪਰਮਾਣੂ ਸੰਕਟ ਉਤੇ ਮਿਲ ਕੇ ਕੰਮ ਕਰ ਸਕਣਗੇ। ਇਸੇ ਦੌਰਾਨ ਵ੍ਹਾਈਟ ਹਾਊਸ ਨੇ ਕਿਹਾ ਕਿ ਬਾਇਡਨ ਨੇ ਸ਼ੀ ਜਿਨਪਿੰਗ ਨੂੰ ਨਾਲ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਮਨੁੱਖੀ ਹੱਕਾਂ, ਵਪਾਰਕ ਗਤੀਵਿਧੀਆਂ ਤੇ ਹੋਰ ਪੱਖਾਂ ਤੋਂ ਚੀਨ ਉਤੇ ਦਬਾਅ ਬਣਾਉਣ ਤੋਂ ਨਹੀਂ ਝਿਜਕੇਗਾ। –ਏਪੀ