ਵਾਸ਼ਿੰਗਟਨ, 15 ਅਕਤੂਬਰ
ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਹਮਲਿਆਂ ਤੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਕਰਕੇ ਖਿੱਤੇ ਵਿਚ ਬਣੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਤੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਬਾਇਡਨ ਨੇ ਦੋਵਾਂ ਦੇਸ਼ਾਂ ਦੇ ਆਗੂਆਂ ਤੱਕ ਅਜਿਹੇ ਮੌਕੇ ਪਹੁੰਚ ਕੀਤੀ ਹੈ ਜਦੋਂ ਅਮਰੀਕਾ ਨੇ ਯੂਐੱਸਐੱਸ ਡਵਾਈਟ ਡੀ.ਐਸਨਹੋਵਰ ਕਰੀਅਰ ਸਟਰਾਈਕ ਗਰੁੱਪ (ਸੀਐੱਸਜੀ) ਨੂੰ ਪੂਰਬੀ ਭੂ-ਮੱਧ ਸਾਗਰ ਵਿਚ ਭੇਜਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਕਿਹਾ, ‘‘ਅੱਬਾਸ ਨਾਲ ਹੋਈ ਗੱਲਬਾਤ ਦੌਰਾਨ ਅਮਰੀਕੀ ਸਦਰ ਬਾਇਡਨ ਨੇ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਹਮਲਿਆਂ ਦੀ ਨਿਖੇਧੀ ਕੀਤੀ ਤੇ ਜ਼ੋਰ ਦੇ ਕੇ ਆਖਿਆ ਕਿ ਇਸਲਾਮਿਕ ਦਹਿਸ਼ਤੀ ਸਮੂਹ (ਹਮਾਸ) ‘ਫਲਸਤੀਨੀ ਲੋਕਾਂ ਦੇ ਸਨਮਾਨ ਤੇ ਸਵੈ-ਨਿਰਣੇ ਦੇ ਹੱਕ ਦੀ ਤਰਜਮਾਨੀ ਨਹੀਂ ਕਰਦਾ।’’ ਉਧਰ ਬਾਇਡਨ ਨੇ ਨੇਤਨਯਾਹੂ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਨੂੰ ਅਮਰੀਕੀ ਫੌਜ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਸਹਾਇਤਾ ਬਾਰੇ ਅਪਡੇਟ ਕੀਤਾ ਅਤੇ ਸੰਘਰਸ਼ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ਼ ਆਪਣੀ ਚੇਤਾਵਨੀ ਨੂੰ ਦੁਹਰਾਇਆ। -ਪੀਟੀਆਈ