ਵਾਸ਼ਿੰਗਟਨ, 12 ਜੁਲਾਈ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇਸ ਹਫ਼ਤੇ ਆਪਣੀ ਇਜ਼ਰਾਈਲ ਦੀ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨ ਮੰਤਰ ਨਰਿੰਦਰ ਮੋਦੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਇਰ ਲਾਪਿਦ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਪਹਿਲੇ ਚਹੁੰ-ਪੱਖੀ ਵਰਚੁਅਲ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਇਸ ਮੌਕੇ ਖੁਰਾਕ ਸੁਰੱਖਿਆ ’ਤੇ ਗੱਲਬਾਤ ਕੀਤੀ ਜਾਵੇਗੀ। ਚਾਰ ਦੇਸ਼ਾਂ ਦੇ ਇਸ ਗਰੁੱਪ ‘ਆਈ2ਯੂ2’ ਵਿੱਚ ‘ਆਈ’ ਭਾਰਤ ਅਤੇ ਇਜ਼ਰਾਈਲ ਲਈ ਤੇ ‘ਯੂ’ ਯੂਐੱਸ (ਅਮਰੀਕਾ) ਅਤੇ ਯੂਏਈ ਲਈ ਵਰਤਿਆ ਗਿਆ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਦੱਸਿਆ ਕਿ ਰਾਸ਼ਟਰਪਤੀ ਬਾਇਡਨ ਇਸ ਹਫ਼ਤੇ ਆਪਣੀ ਮੱਧ ਪੂਰਬ ਦੀ ਯਾਤਰਾ ਦੌਰਾਨ ਇਨ੍ਹਾਂ ਤਿੰਨ ਦੇਸ਼ਾਂ ਦੇ ਆਗੂਆਂ ਨਾਲ ਵਰਚੁਅਲ ਸੰਮੇਲਨ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੋਣ ਵਾਲੀ ਗੱਲਬਾਤ ਖੁਰਾਕ ਸੁਰੱਖਿਆ ’ਤੇ ਕੇਂਦਰਿਤ ਹੋਵੇਗੀ। ਰਾਸ਼ਟਰਪਤੀ ਬਾਇਡਨ 13 ਤੋਂ 16 ਜੁਲਾਈ ਤੱਕ ਪੱਛਮੀ ਏਸ਼ੀਆ ਦੇ ਦੌਰੇ ’ਤੇ ਹੋਣਗੇ। ‘ਆਈ2ਯੂ2’ ਦਾ ਪਹਿਲਾ ਵਰਚੁਅਲ ਸੰਮੇਲਨ ਵੀਰਵਾਰ ਨੂੰ ਹੋਵੇਗਾ, ਜਿਸ ਵਿੱਚ ਯੂਕਰੇਨ ’ਤੇ ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਪੈਦਾ ਹੋਏ ਵਿਸ਼ਵਵਿਆਪੀ ਖੁਰਾਕ ਅਤੇ ਊਰਜਾ ਸੰਕਟ ਦਾ ਮੁੱਦਾ ਮੁੱਖ ਰੂਪ ਵਿੱਚ ਵਿਚਾਰਿਆ ਜਾਵੇਗਾ। -ਪੀਟੀਆਈ