ਵਾਸ਼ਿੰਗਟਨ, 26 ਮਾਰਚ
ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਆਪਣੇ ਭਾਈਵਾਲਾਂ ਤੇ ਹੋਰਨਾਂ ਇਤਿਹਾਦੀ ਮੁਲਕਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਚੀਨ ਦੀ ਇਸ ਖਿੱਤੇ ਵਿੱਚ ‘ਜਵਾਬਦੇਹੀ’ ਤੈਅ ਕਰਨ ਦੇੇ ਨਾਲ ਦੱਖਣੀ ਚੀਨ ਸਾਗਰ ਸਮੇਤ ਹੋਰਨਾਂ ਕਈ ਮਸਲਿਆਂ ’ਤੇ ਨੇਮਾਂ ਦੀ ਪਾਲਣਾ ਲਈ ਪੇਈਚਿੰਗ ’ਤੇ ਦਬਾਅ ਪਾਇਆ ਜਾ ਸਕੇ। ਬਾਇਡਨ ਨੇ ਇਸ਼ਾਰਾ ਕੀਤਾ ਹੈ ਕਿ ਅਮਰੀਕੀ ਫੌਜਾਂ ਦਾ 1 ਮਈ ਤੱਕ ਅਫ਼ਗ਼ਾਨਿਸਤਾਨ ’ਚੋਂ ਬਾਹਰ ਨਿਕਲਣ ਦਾ ਟੀਚਾ ਮੁਮਕਿਨ ਨਹੀਂ ਜਾਪਦਾ। ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਇਹ ਤਰੀਕ ਮਿੱਥੀ ਸੀ। ਵ੍ਹਾਈਟ ਹਾਊਸ ਵਿੱਚ ਆਪਣੀ ਪਲੇਠੀ ਰਸਮੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਭਾਰਤ, ਆਸਟਰੇਲੀਆ ਤੇ ਜਾਪਾਨ ਦੀ ਸ਼ਮੂਲੀਅਤ ਵਾਲੇ ‘ਕੁਐਡ’ ਮੁਲਕਾਂ ਦੇ ਆਗੂਆਂ ਨਾਲ ਆਪਣੀ ਹਾਲੀਆ ਮੀਟਿੰਗ ਦਾ ਵੀ ਹਵਾਲਾ ਦਿੱਤਾ। ਅਮਰੀਕੀ ਸਦਰ ਨੇ ਕਿਹਾ ਕਿ ਉਹ ‘ਭਵਿੱਖ ’ਤੇ ਚਰਚਾ’ ਲਈ ਜਲਦੀ ਹੀ ਜਮਹੂਰੀਅਤਾਂ ਦੇ ਗੱਠਜੋੜ ਨੂੰ ਵਾਸ਼ਿੰਗਟਨ ਡੀਸੀ ਆਉਣ ਦਾ ਸੱਦਾ ਦੇਣਗੇ। ਬਾਇਡਨ ਨੇ ਕਿਹਾ, ‘ਅਸੀਂ ਇਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਅਸੀਂ ਚੀਨ ਨੂੰ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜਵਾਬਦੇਹ ਬਣਾਵਾਂਗੇ। ਫਿਰ ਇਹ ਨੇਮ ਦੱਖਣੀ ਚੀਨ ਸਾਗਰ ਜਾਂ ਉੱਤਰੀ ਚੀਨ ਸਾਗਰ ਜਾਂ ਤਾਇਵਾਨ ਦੇ ਮੁੱਦੇ ’ਤੇ ਕਰਾਰ ਜਾਂ ਹੋਰ ਫਿਰ ਕਿਸੇ ਹੋਰ ਮਸਲੇ ਨਾਲ ਸਬੰਧਤ ਹੋਣ।’ ਹਲਫ਼ ਲੈਣ ਮਗਰੋਂ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਫੋਨ ’ਤੇ ਸਿਰਫ਼ ਇਕ ਵਾਰ ਗੱਲਬਾਤ ਕੀਤੀ ਹੈ। -ਪੀਟੀਆਈ
ਡਾ.ਵਿਵੇਕ ਮੂਰਤੀ ਨੇ ਅਮਰੀਕੀ ਸਰਜਨ ਜਨਰਲ ਵਜੋਂ ਸਹੁੰ ਚੁੱਕੀ
ਵਾਸ਼ਿੰਗਟਨ: ਭਾਰਤੀ ਅਮਰੀਕੀ ਫ਼ਿਜ਼ੀਸ਼ੀਅਨ ਵਿਵੇਕ ਮੂਰਤੀ ਨੇ ਅਮਰੀਕਾ ਦੇ 21ਵੇਂ ਸਰਜਨ ਜਨਰਲ ਵਜੋਂ ਸਹੁੰ ਚੁੱਕ ਲਈ ਹੈ। ਡਾ.ਮੂਰਤੀ ਨੇ ਕਿਹਾ ਕਿ ਉਨ੍ਹਾਂ ਦੀ ਸਿਖਰਲੀ ਤਰਜੀਹ ਕਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹ ਪਾਉਣਾ ਹੋਵੇਗਾ, ਜਿਸ ਨੇ ਮੁਲਕ ਨੂੰ ਸਭ ਤੋਂ ਵੱਡੀ ਸੱਟ ਮਾਰੀ ਹੈ। ਉਨ੍ਹਾਂ ਵਿਗਿਆਨ ਦੀ ਆਵਾਜ਼ ਬਣਨ ਦਾ ਵੀ ਦਾਅਵਾ ਕੀਤਾ ਹੈ। ਡਾ. ਮੂਰਤੀ ਨੂੰ ਅਹੁਦੇ ਦਾ ਹਲਫ਼ ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਮੰਤਰੀ ਜ਼ੇਵੀਅਰ ਬੈਸੇਰਾ ਨੇ ਦਿਵਾਇਆ। ਹਲ਼ਫ ਲੈਣ ਮਗਰੋਂ ਡਾ. ਮੂਰਤੀ ਨੇ ਕਿਹਾ, ‘ਸਰਜਨ ਜਨਰਲ ਵਜੋਂ ਸਹੁੰ ਚੁੱਕਣ ’ਤੇ ਮਾਣ ਮਹਿਸੂਸ ਕਰ ਰਿਹਾਂ। ਮੈਂ ਅੱਜ ਦੇ ਇਸ ਦਿਨ ਲਈ ਆਪਣੇ ਪਰਿਵਾਰ ਦਾ ਅਹਿਸਾਨਮੰਦ ਹਾਂ, ਜਿਨ੍ਹਾਂ ਮੈਨੂੰ ਇਸ ਰਾਹ ’ਤੇ ਤੁਰਦਿਆਂ ਸੇਧ ਦੇਣ ਦੇ ਨਾਲ ਪੂਰੀ ਹਮਾਇਤ ਵੀ ਦਿੱਤੀ।’ -ਪੀਟੀਆਈ
ਬਾਇਡਨ ਤੇ ਹੈਰਿਸ ਮੁੜ ਚੋਣ ਮੈਦਾਨ ’ਚ ਨਿੱਤਰਨਗੇ
ਨਿਊ ਯਾਰਕ: ਅਮਰੀਕੀ ਸਦਰ ਜੋਅ ਬਾਇਡਨ ਨੇ ਕਿਹਾ ਕਿ ਉਹ ਆਪਣੀ ਡਿਪਟੀ ਭਾਵ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਮੁੜ ਮੈਦਾਨ ਵਿੱਚ ਨਿੱਤਰਨਗੇ। ਦੱਸਣਾ ਬਣਦਾ ਹੈ ਕਿ ਇਕ ਪੱਤਰਕਾਰ ਨੇ ਬਾਇਡਨ ਨੂੰ ਸਵਾਲ ਕੀਤਾ ਸੀ ਕਿ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਦਫ਼ਤਰੀ ਕੰਮਕਾਜ ਸੰਭਾਲਦਿਆਂ ਹੀ ਅਗਲੇ ਚੋਣ ਲੜਨ ਦੀ ਤਿਆਰੀ ਖਿੱਚ ਲਈ ਸੀ। -ਆਈਏਐੱਨਐੱਸ