ਵਾਸ਼ਿੰਗਟਨ, 12 ਅਕਤੂਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰਿਆਧ ਦੀ ਅਗਵਾਈ ਹੇਠਲੇ ਓਪੀਈਸੀ ਗੱਠਜੋੜ ਨੇ ਤੇਲ ਉਤਪਾਦਨ ਘਟਾਉਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ ਸਾਊਦੀ ਅਰਬ ਨੂੰ ਨਤੀਜੇ ਭੁਗਤਣੇ ਪੈਣਗੇ। ਇਸੇ ਦੌਰਾਨ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਸਾਊਦੀ ਅਰਬ ਨਾਲ ਸਹਿਯੋਗ ਰੋਕਣ ਦਾ ਸੱਦਾ ਦਿੱਤਾ ਹੈ। ਬਾਇਡਨ ਨੇ ਕਿਹਾ ਕਿ ਉਹ ਜਲਦੀ ਹੀ ਕਾਰਵਾਈ ਦਾ ਐਲਾਨ ਕਰਨਗੇ ਕਿਉਂਕਿ ਉਨ੍ਹਾਂ ਦੇ ਸਹਿਯੋਗੀ ਤੇਲ ਉਤਪਾਦਨ ਘਟਾਏ ਜਾਣ ਦੇ ਮੱਦੇਨਜ਼ਰ ਸਾਊਦੀ ਅਰਬ ਨਾਲ ਆਪਣੇ ਰਿਸ਼ਤਿਆਂ ਦਾ ਮੁਲਾਂਕਣ ਕਰ ਰਹੇ ਹਨ। ਕੋਨੈਕਟੀਕਟ ਤੋਂ ਡੈਮੋਕਰੈਟਿਕ ਸੰਸਦ ਮੈਂਬਰ ਸੇਨ ਰਿਚਰਡ ਬਲੂਮੈਂਥਲ ਅਤੇ ਕੈਲੀਫੋਰਨੀਆ ਤੋਂ ਰਿਪਬਲਿਕਨ ਆਗੂ ਰੋਅ ਖੰਨਾ ਨੇ ਇੱਕ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ ਸਾਊਦੀ ਅਰਬ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਇੱਕ ਸਾਲ ਲਈ ਤੁਰੰਤ ਬੰਦ ਹੋ ਜਾਵੇਗੀ। ਇਸ ਦੇ ਨਾਲ ਸਾਊਦੀ ਅਰਬ ਨੂੰ ਵੱਖ ਵੱਖ ਪੁਰਜ਼ਿਆਂ ਦੀ ਵਿਕਰੀ ’ਤੇ ਵੀ ਰੋਕ ਲੱਗ ਜਾਵੇਗੀ। ਹੁਣ ਦੇਖਣਾ ਇਹ ਹੈ ਕਿ ਜੋਅ ਬਾਇਡਨ ਸਾਊਦੀ ਅਰਬ ਪ੍ਰਤੀ ਆਪਣੀ ਨਾਖੁਸ਼ੀ ਕਿਸ ਤਰ੍ਹਾਂ ਜ਼ਾਹਿਰ ਕਰਦੇ ਹਨ। ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਬਾਇਡਨ ਨੇ ਸਾਊਦੀ ਅਰਬ ਦੇ ਮਨੁੱਖੀ ਅਧਿਕਾਰਾਂ ਸਬੰਧੀ ਰਿਕਾਰਡ ਨੂੰ ਦੇਖਦਿਆਂ ਉਸ ਨਾਲ ਅਮਰੀਕਾ ਦੇ ਰਿਸ਼ਤਿਆਂ ਦੇ ਮੁੜ ਮੁਲਾਂਕਣ ਦਾ ਅਹਿਦ ਕੀਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਸਾਊਦੀ ਅਰਬ ਦਾ ਦੌਰਾ ਵੀ ਕੀਤਾ ਸੀ। ਬਾਇਡਨ ਨੇ ਕਿਹਾ ਕਿ ਉਹ ਕਾਂਗਰਸ ਨਾਲ ਵਿਚਾਰ ਚਰਚਾ ਤੋਂ ਬਾਅਦ ਕੋਈ ਅਗਲਾ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਨੂੰ ਕੁਝ ਨਤੀਜੇ ਤਾਂ ਭੁਗਤਣੇ ਪੈਣਗੇ। -ਏਪੀ