ਐਟਲਾਂਟਾ/ਵਾਸ਼ਿੰਗਟਨ, 17 ਨਵੰਬਰ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਚੋਣ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਈ ਸੀਨੀਅਰ ਆਗੂਆਂ ਨੂੰ ਵ੍ਹਾਈਟ ਹਾਊਸ ਦੀ ਆਪਣੀ ਟੀਮ ਵਿੱਚ ਥਾਂ ਦੇ ਸਕਦੇ ਹਨ। ਬਾਇਡਨ ਦੇ ਸ਼ੁਰੂਆਤੀ ਫੈਸਲਿਆਂ ਤੋਂ ਜਾਣੂ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਚੋਣ ਮੁਹਿੰਮ ਦੇ ਪ੍ਰਬੰਧਕ ਜੈੱਨ ਓ’ਮਾਲੇ ਡਿੱਲਨ ਵ੍ਹਾਈਟ ਹਾਊਸ ਵਿਚਲੇ ਸਟਾਫ਼ ਦੇ ਡਿਪਟੀ ਚੀਫ਼ ਜਦੋਂਕਿ ਮੁਹਿੰਮ ਦੇ ਕੋ-ਚੇਅਰ ਲੂਸੀਆਨਾ ਰੈਪ ਸੈਡਰਿਕ ਰਿਚਮੰਡ ਤੇ ਮੁਹਿੰਮ ਦੇ ਸਲਾਹਕਾਰ ਸਟੀਵ ਰਿਸ਼ੈਟੀ ਨਵੇਂ ਪ੍ਰਸ਼ਾਸਨ ਵਿੱਚ ਸੀਨੀਅਰ ਭੂਮਿਕਾਵਾਂ ’ਚ ਹੋਣਗੇ। ਵ੍ਹਾਈਟ ਹਾਊਸ ਦੀ ਇਸ ਨਵੀਂ ਜ਼ਿੰਮੇਵਾਰੀ ਲਈ ਰਿਚਮੰਡ ਕਾਂਗਰਸ ਵਿਚਲੀ ਲੂਸੀਆਨਾ ਦੀ ਆਪਣੀ ਸੀਟ ਨੂੰ ਛੱਡਣਗੇ। ਇਨ੍ਹਾਂ ਨਿਯੁਕਤੀਆਂ ਬਾਰੇ ਰਸਮੀ ਐਲਾਨ ਮੰਗਲਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਦੌਰਾਨ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਮਗਰੋਂ ਸੱਤਾ ਤਬਦੀਲੀ ਦੇ ਅਮਲ ਲਈ ਜ਼ਿੰਮੇਵਾਰ ਸੰਘੀ ਏਜੰਸੀ ਦੀ ਮੁਖੀ ਐਮਿਲੀ ਮਰਫ਼ੀ ਨੇ ਕਿਹਾ ਜਲਦੀ ਹੀ ਉਨ੍ਹਾਂ ਅੱਗੇ ਕਾਫ਼ੀ ਗੁੰਝਲਦਾਰ ਹਾਲਾਤ ਹੋਣਗੇ। ਆਮ ਸੇਵਾਵਾਂ ਬਾਰੇ ਪ੍ਰਸ਼ਾਸਨ ਦੀ ਮੁਖੀ ਮਰਫ਼ੀ ਨੇ 3 ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਦੋ ਦਹਾਕੇ ਪਹਿਲਾਂ ਇਸੇ ਅਹੁਦੇ ’ਤੇ ਕੰਮ ਕਰਨ ਵਾਲੇ ਡੇਵ ਬਾਰਮ ਨਾਲ ਜ਼ੂਮ ਕਾਲ ਜ਼ਰੀਏ ਸਲਾਹ ਮਸ਼ਵਰਾ ਕੀਤਾ ਸੀ। ਦੱਸਣਾ ਬਣਦਾ ਹੈ ਕਿ ਬਾਇਡਨ ਨੂੰ ਅਜੇ ਤੱਕ ਚੋਣਾਂ ਵਿੱਚ ਜੇਤੂ ਦਰਸਾਉਂਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ, ਜਿਸ ਕਰਕੇ ਅਧਿਕਾਰਤ ਸੱਤਾ ਤਬਦੀਲੀ ਦਾ ਅਮਲ ਪੱਛੜ ਸਕਦਾ ਹੈ।
-ਏਪੀ
ਟਰੰਪ ਕੈਂਪੇਨ ਨੇ ਕਾਨੂੰਨੀ ਅਪੀਲ ਵਾਪਸ ਲਈ
ਹੈਰਿਸਬਰਗ (ਯੂਐੈੱਸ): ਅਮਰੀਕੀ ਸਦਰ ਡੋਨਲਡ ਟਰੰਪ ਦੀ ਕੈਂਪੇਨ ਨੇ ਪੈਨਸਿਲਵੇਨੀਆ ਵਿੱਚ ਚੋਣ ਨਤੀਜਿਆਂ ਲਈ ਸਰਟੀਫਿਕੇਟ ਨਾ ਜਾਰੀ ਕਰਨ ਲਈ ਦਾਇਰ ਕੀਤੀ ਕਾਨੂੰਨੀ ਅਪੀਲ ਵਾਪਸ ਲੈ ਲਈ ਹੈ। ਚੇਤੇ ਰਹੇ ਕਿ ਜੋਅ ਬਾਇਡਨ ਦੇ ਪੈਨਸਿਲਵੇਨੀਆ ਵਿੱਚ ਜਿੱਤ ਦਰਜ ਕਰਨ ਮਗਰੋਂ ਡੈਮਕੋਰੈਟ ਉਮੀਦਵਾਰ ਲਈ ਵ੍ਹਾਈਟ ਹਾਊਸ ਤਕ ਰਸਾਈ ਦਾ ਰਾਹ ਪੱਧਰਾ ਹੋ ਗਿਆ ਸੀ।
-ਏਪੀ