ਵਾਸ਼ਿੰਗਟਨ, 11 ਫਰਵਰੀ
ਅਮਰੀਕੀ ਰਾਸ਼ਟਰਪਤੀ ਨੇ ਅੱਜ ਇਕ ਅਹਿਮ ਦਸਤਾਵੇਜ਼ ’ਤੇ ਦਸਤਖਤ ਕੀਤੇ ਜਿਸ ਤਹਿਤ ਸੱਤ ਅਰਬ ਡਾਲਰ ਦਾ ਅੱਧਾ ਹਿੱਸਾ 9/11 ਹਮਲੇ ਦੇ ਪੀੜਤ ਪਰਿਵਾਰਾਂ ਨੂੰ ਮਿਲੇਗਾ ਜਦਕਿ ਬਾਕੀ ਪੈਸਾ ਅਫਗਾਨੀਆਂ ’ਤੇ ਖਰਚ ਕੀਤਾ ਜਾਵੇਗਾ। 15 ਅਗਸਤ ਨੂੰ ਤਾਲਿਬਾਨ ਵਲੋਂ ਅਫਗਾਨਿਸਤਾਨ ਵਿਚ ਕਬਜ਼ਾ ਕਰ ਲੈਣ ਤੋਂ ਬਾਅਦ ਅਮਰੀਕਾ ਨੇ ਉਸ ਦੇ ਸੱਤ ਅਰਬ ਡਾਲਰ ਫਰੀਜ਼ ਕਰ ਦਿੱਤੇ ਸਨ। ਇਸ ਨਾਲ ਸੱਤ ਮਹੀਨੇ ਬੀਤਣ ਤੋਂ ਬਾਅਦ ਵੀ ਤਾਲਿਬਾਨ ਦੀਆਂ ਵਿੱਤੀ ਸਮੱਸਿਆਵਾਂ ਬਰਕਰਾਰ ਸਨ। ਬਾਇਡਨ ਕੋਲ ਤਿੰਨ ਰਾਹ ਸੀ- ਪਹਿਲਾ ਉਹ ਫੰਡਜ਼ ਨੂੰ ਫਰੀਜ਼ ਕਰ ਦੇਵੇ, ਦੂਜਾ ਸਾਰੇ ਫੰਡ ਤਾਲਿਬਾਨ ਹਕੂਮਤ ਨੂੰ ਦੇ ਦਿੱਤੇ ਜਾਣ ਤੇ ਤੀਜਾ ਇਸ ਪੈਸੇ ਨੂੰ 9/11 ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦੇਵੇ। ਇਹ ਸੱਤ ਅਰਬ ਡਾਲਰ ਇਸ ਵੇਲੇ ਨਿਊਯਾਰਕ ਦੇ ਫੈਡਰਲ ਰਿਜ਼ਰਵ ਕੋਲ ਹਨ। ਇਸ ਤੋਂ ਪਹਿਲਾਂ ਅਮਰੀਕੀ ਅਦਾਲਤ ਬਾਇਡਨ ਪ੍ਰਸ਼ਾਸਨ ਦੀ ਅਪੀਲ ’ਤੇ ਤਿੰਨ ਵਾਰ ਸੁਣਵਾਈ ਟਾਲ ਚੁੱਕੀ ਹੈ। ਵਾਈਟ ਹਾਊਸ ਮੁਤਾਬਿਕ ਅਫਗਾਨੀ ਲੋਕਾਂ ਦੀ ਮਦਦ ਲਈ ਫੰਡਜ਼ ਇਸ ਤਰ੍ਹਾਂ ਮੁਹੱਈਆ ਕਰਵਾਏ ਜਾਣਗੇ ਕਿ ਪੈਸੇ ਦਾ ਕੋਈ ਵੀ ਹਿੱਸਾ ਤਾਲਿਬਾਨ ਨੂੰ ਨਾ ਮਿਲੇ। ਅਮਰੀਕਾ ’ਤੇ ਦਬਾਅ ਸੀ ਕਿ ਉਹ ਅਫਗਾਨਿਸਤਾਨ ਦੇ ਚਾਰ ਕਰੋੜ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਫੰਡ ਜਾਰੀ ਕਰੇ। ਅਮਰੀਕਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਤਾਲਿਬਾਨ ਨੂੰ ਆਪਣੇ ਸਾਰੇ ਵਾਅਦੇ ਪੂਰੇ ਕਰਨੇ ਪੈਣਗੇ ਖਾਸ ਤੌਰ ’ਤਤੇ ਔਰਤਾਂ ਤੇ ਲੜਕੀਆਂ ਦੀਆਂ ਸਿੱਖਿਆਂ ਨਾਲ ਸਬੰਧਤ ਮਾਮਲੇ ਹੱਲ ਕੀਤੇ ਜਾਣ।