ਵਾਸ਼ਿੰਗਟਨ, 18 ਜੂਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਚੋਣ ਸਾਲ ਵਿਚ ਇਕ ਵਿਆਪਕ ਕਦਮ ਚੁੱਕ ਰਹੇ ਹਨ, ਜਿਸ ਨਾਲ ਹੁਣ ਤੱਕ ਦੇਸ਼ ਵਿਚ ਰਹਿ ਰਹੇ ਲੱਖਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ ਤੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦਾ ਰਾਹ ਸਾਫ਼ ਹੋ ਸਕਦਾ ਹੈ। ਬਾਇਡਨ ਦੀ ਇਸ ਪੇਸ਼ਕਦਮੀ ਨੂੰ ਮਹੀਨੇ ਦੀ ਸ਼ੁਰੂਆਤ ਵਿਚ ਸਰਹੱਦ ’ਤੇ ਉਨ੍ਹਾਂ ਵੱਲੋਂ ਅਪਣਾਈ ਗਈ ਹਮਲਾਵਰ ਨੀਤੀ ਨੂੰ ਸੰਤੁਲਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਹਮਲਾਵਰ ਰੁਖ਼ ਨੇ ਕਈ ਡੈਮੋਕਰੈਟਿਕ ਸੰਸਦ ਮੈਂਬਰਾਂ ਨੂੰ ਨਾਰਾਜ਼ ਕਰ ਦਿੱਤਾ ਸੀ।
ਅਮਰੀਕੀ ਰਾਸ਼ਟਰਪਤੀ ਦਫ਼ਤਰ ਨੇ ਮੰੰਗਲਵਾਰ ਨੂੰ ਐਲਾਨ ਕੀਤਾ ਕਿ ਬਾਇਡਨ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਅਮਰੀਕੀ ਨਾਗਰਿਕਾਂ ਦੇ ਕੁਝ ਜੀਵਨ ਸਾਥੀਆਂ ਨੂੰ ਸਥਾਈ ਨਿਵਾਸ ਤੇ ਨਾਗਰਿਕਤਾ ਲਈ ਅਰਜ਼ੀ ਦਾਖ਼ਲ ਕਰਨ ਦੀ ਖੁੱਲ੍ਹ ਦੇਵੇਗਾ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਇਸ ਪੇਸ਼ਕਦਮੀ ਨਾਲ ਪੰਜ ਲੱਖ ਤੋਂ ਵੱਧ ਪਰਵਾਸੀਆਂ ਨੂੰ ਫਾਇਦਾ ਹੋ ਸਕਦਾ ਹੈ। ਨਾਗਰਿਕਤਾ ਹਾਸਲ ਕਰਨ ਲਈ ਇਕ ਪਰਵਾਸੀ ਸੋਮਵਾਰ ਨੂੰ ਪੂਰੀ ਹੋਈ ਮਿਆਦ ਤੱਕ ਘੱਟੋ ਘੱਟ 10 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੋਵੇ ਤੇ ਉਹ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹਿਆ ਹੋਵੇ। ਜੇ ਕਿਸੇ ਯੋਗਤਾ ਪ੍ਰਾਪਤ ਗੈਰ-ਪਰਵਾਸੀ ਦੀ ਅਰਜ਼ੀ ਸਵੀਕਾਰ ਹੋ ਜਾਂਦੀ ਹੈ ਤਾਂ ਉਸ ਕੋਲ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਸਤੇ ਤਿੰਨ ਸਾਲ ਦਾ ਸਮਾਂ ਹੋਵੇਗਾ ਅਤੇ ਉਸ ਨੂੰ ਅਸਥਾਈ ਵਰਕ ਪਰਮਿਟ ਮਿਲੇਗਾ ਤੇ ਡਿਪੋਰਟ ਕੀਤੇ ਜਾਣ ਤੋਂ ਛੋਟ ਰਹੇਗੀ। -ਪੀਟੀਆਈ