ਵਾਸ਼ਿੰਗਟਨ, 13 ਜੂਨ
ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਹਵਾਲੇ ਨਾਲ ਮੁਲਕ ਵਿੱਚ ਗੰਨ ਕਾਨੂੰਨ ਸਖ਼ਤ ਕੀਤੇ ਜਾਣ ਦੀ ਮੰਗ ਦਰਮਿਆਨ ਗੰਨ ਕੰਟਰੋਲ ਬਿੱਲ ਨੂੰ ਲੈ ਕੇ ਅਮਰੀਕੀ ਸੈਨੇਟ ਵਿੱਚ ਬਣਿਆ ਜਮੂਦ ਟੁੱਟ ਗਿਆ ਹੈ। ਬਿੱਲ ਨੂੰ ਲੈ ਕੇ ਸੈਨੇਟ ਦੇ ਡੈਮੋਕਰੈਟ ਤੇ ਰਿਪਬਲਿਕਨ ਮੈਂਬਰਾਂ ਦਰਮਿਆਨ ਸਹਿਮਤੀ ਬਣੀ ਹੈ ਜਿਸ ਤਹਿਤ ਸਕੂਲਾਂ ਦੀ ਸੁਰੱਖਿਆ ਤੇ ਮਾਨਸਿਕ ਸਿਹਤ ਪ੍ਰੋਗਰਾਮਾਂ ਵਿੱਚ ਸੁਧਾਰ ਲਈ ਵੱਡੀ ਰਕਮ ਖਰਚੀ ਜਾਵੇਗੀ। ਸੈਨੇਟ ਵਾਰਤਾਕਾਰਾਂ ਨੇ ਗੰਨ ਬਾਰੇ ਦੁਵੱਲੇ ਕਰਾਰ ਦਾ ਐਲਾਨ ਕੀਤਾ ਹੈ, ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਕਈ ਡੈਮੋਕਰੈਟਾਂ ਵੱਲੋਂ ਜਿਨ੍ਹਾਂ ਸਖ਼ਤ ਪੇਸ਼ਬੰਦੀਆਂ ਦੀ ਮੰਗ ਕੀਤੀ ਜਾ ਰਹੀ ਸੀ, ਉਸ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਕ ਅਹਿਮ ਪੇਸ਼ਕਦਮੀ ਤਹਿਤ 20 ਸੈਨੇਟਰਾਂ ਜਿਨ੍ਹਾਂ ਵਿੱਚ 10 ਰਿਪਬਲਿਕਨ ਸ਼ਾਮਲ ਸਨ, ਨੇ ਇਕ ਬਿਆਨ ਵਿੱਚ ਗੰਨ ਕੰਟਰੋਲ ਬਿੱਲ ਬਾਰੇ ਸਹਿਮਤੀ ਬਣਨ ਦਾ ਐਲਾਨ ਕੀਤਾ। -ਏਪੀ
ਅਮਰੀਕੀ ਕਾਂਗਰਸ ਵੱਲੋਂ ਦਹਾਕਿਆਂ ’ਚ ਪਾਸ ਸਭ ਤੋਂ ਅਹਿਮ ਕਾਨੂੰਨ ਹੋਵੇਗਾ: ਬਾਇਡਨ
ਅਮਰੀਕੀ ਸਦਰ ਜੋਅ ਬਾਇਡਨ ਨੇ ਇਕ ਬਿਆਨ ਵਿੱਚ ਕਿਹਾ ਕਿ (ਕਾਨੂੰਨ ਦਾ) ਚੌਖਟਾ ‘ਉਹ ਹਰ ਚੀਜ਼ ਨਹੀਂ ਕਰ ਸਕਦਾ, ਜੋ ਮੈਨੂੰ ਲਗਦਾ ਹੈ ਕਿ ਜ਼ਰੂਰੀ ਚਾਹੀਦੀ ਹੈ, ਪਰ ਇਹ ਸਹੀ ਦਿਸ਼ਾ ਵਿੱਚ ਕੀਤੀ ਅਹਿਮ ਪੇਸ਼ਕਦਮੀ ਨੂੰ ਦਰਸਾਉਂਦਾ ਹੈ ਅਤੇ ਇਹ ਅਮਰੀਕੀ ਕਾਂਗਰਸ ਵੱਲੋਂ ਦਹਾਕਿਆਂ ਵਿੱਚ ਪਾਸ ਸਭ ਤੋਂ ਅਹਿਮ ਗੰਨ ਸੁਰੱਖਿਆ ਕਾਨੂੰਨ ਹੋਵੇਗਾ।’’ ਬਾਇਡਨ ਨੇ ਕਿਹਾ ਕਿ ਬਿੱਲ ਨੂੰ ਦੋਵਾਂ ਧਿਰਾਂ ਵੱਲੋਂ ਮਿਲੀ ਹਮਾਇਤ ਮਗਰੋਂ ‘ਇਸ ਨੂੰ ਸੈਨੇਟ ਤੇ ਸਦਨ ਵਿੱਚ ਪੇਸ਼ ਕਰਨ ਵਿੱਚ ਦੇਰੀ ਦਾ ਹੋਰ ਕੋਈ ਬਹਾਨਾ ਨਹੀਂ ਚੱਲੇਗਾ।’