ਵਾਸ਼ਿੰਗਟਨ, 7 ਸਤੰਬਰ
ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਇਕ ਬਿੱਲ ਪੇਸ਼ ਕਰ ਕੇ ਭਾਰਤ ਉਤੇ ‘ਸੀਏਏਟੀਐੱਸ’ ਐਕਟ ਤਹਿਤ ਪਾਬੰਦੀਆਂ ਨਾ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਭਾਰਤ ਨੂੰ ਛੋਟ ਦੇਣਾ ਦੋਵਾਂ ਮੁਲਕਾਂ ਦੇ ਹਿੱਤ ਵਿਚ ਹੋਵੇਗਾ ਤੇ ਚੀਨ ਤੇ ਰੂਸ ਦੇ ਕਰੀਬੀ ਰਿਸ਼ਤਿਆਂ ਦੇ ਮੱਦੇਨਜ਼ਰ ‘ਹਮਲਾਵਰਾਂ’ ਨੂੰ ਦੂਰ ਰੱਖਣ ਲਈ ਇਹ ਜ਼ਰੂਰੀ ਵੀ ਹੈ। ਦੱਸਣਯੋਗ ਹੈ ਕਿ ਇਸ ਐਕਟ ਤਹਿਤ ਅਮਰੀਕਾ ਉਨ੍ਹਾਂ ਦੇਸ਼ਾਂ ਉਤੇ ਪਾਬੰਦੀਆਂ ਲਾਉਂਦਾ ਹੈ ਜੋ ਰੂਸ ਤੋਂ ਵੱਡੇ ਹਥਿਆਰ ਅਤੇ ਰੱਖਿਆ ਉਪਕਰਨ ਲੈਂਦੇ ਹਨ। ਰੂਸ ਵੱਲੋਂ 2014 ਵਿਚ ਕੀਤੇ ਕਰੀਮੀਆ ਦੇ ਰਲੇਵੇਂ ਮਗਰੋਂ ਅਮਰੀਕਾ ਨੇ ਉਸ ਖ਼ਿਲਾਫ਼ ਇਹ ਕਾਨੂੰਨ ਲਿਆਂਦਾ ਸੀ। ਰੋ ਖੰਨਾ ਦੇ ਮਤੇ ਦਾ ਕਾਂਗਰਸ ਮੈਂਬਰ ਬ੍ਰੈਡ ਸ਼ਰਮਨ ਤੇ ਡੇਵਿਡ ਸ਼ਵੀਕਰਟ ਨੇ ਸਮਰਥਨ ਕੀਤਾ। ਇਸ ਨੂੰ ਅਗਲੀ ਕਾਰਵਾਈ ਲਈ ਹੁਣ ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ। ਖੰਨਾ ਨੇ ਕਿਹਾ ਕਿ ਉਨ੍ਹਾਂ ਇਹ ਬਿੱਲ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਹੈ ਤੇ ਇਸ ਦਾ ਮੰਤਵ ਸਮਰਥਨ ਜੁਟਾਉਣਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੀ ਮਜ਼ਬੂਤੀ ਜ਼ਰੂਰੀ ਹੈ, ਤੇ ਇਹ ਬਿੱਲ ਦੋਵਾਂ ਮੁਲਕਾਂ ਦੇ ਸਬੰਧਾਂ ਲਈ ਅਹਿਮ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦੀ ਹੈ ਤੇ ਇਸ ਦੀ ਦਰਾਮਦ ਸ਼ੁਰੂ ਹੋ ਚੁੱਕੀ ਹੈ। -ਪੀਟੀਆਈ