ਨਿਊਯਾਰਕ, 8 ਜੁਲਾਈ
ਚੀਨ ’ਚ ਊਈਗਰ ਤੁਰਕ ਅਤੇ ਹੋਰ ਮੁਸਲਿਮ ਭਾਈਚਾਰਿਆਂ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਜਥੇਬੰਦੀਆਂ ਨੂੰ ਕਿਹਾ ਹੈ ਕਿ ਉਹ ਊਈਗਰਾਂ ਦੀ ਨਸਲਕੁਸ਼ੀ ਨੂੰ ਰੋਕਣ ਲਈ ਚੀਨ ’ਤੇ ਦਬਾਅ ਪਾਉਣ ਅਤੇ ਇਸ ਦੀ ਜਾਂਚ ਹੋਵੇ। ‘ਪੂਰਬੀ ਤੁਰਕਿਸਤਾਨ ’ਚ ਨਸਲਕੁਸ਼ੀ’ ਨਾਂ ਦੀ ਰਿਪੋਰਟ ’ਚ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਚੀਨੀ ਸਰਕਾਰ ਊਈਗਰ ਤੁਰਕਾਂ ਅਤੇ ਹੋਰ ਮੁਸਲਿਮ ਭਾਈਚਾਰਿਆਂ ਨੂੰ ਨਪੀੜਨ ’ਤੇ ਤੁਲੀ ਹੋਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ, ਸ਼ਿਨਜਿਆਾਂਗ ਊਈਗਰ ਖੁਦਮੁਖਤਿਆਰ ਖਿੱਤੇ ਦਾ ਸਕੱਤਰ ਚੇਨ ਕੁਆਨਗੁਓ ਅਤੇ ਹੋਰ ਅਧਿਕਾਰੀ ਮੁਸਲਮਾਨਾਂ ਖਿਲਾਫ਼ ਅਪਰਾਧਾਂ ਲਈ ਜ਼ਿੰਮੇਵਾਰ ਹਨ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਵੱਲੋਂ ਤਿਆਰ ਕੀਤੀ ਗਈ ਇਕ ਹੋਰ ਰਿਪੋਰਟ ਮੁਤਾਬਕ 80 ਹਜ਼ਾਰ ਤੋਂ ਵੱਧ ਊਈਗਰ ਮੁਸਲਮਾਨਾਂ ਨੂੰ ਕੈਂਪਾਂ ’ਚੋਂ ਕੱਢ ਕੇ ਵੱਡੀਆਂ ਕੰਪਨੀਆਂ ਦੀਆਂ ਫੈਕਟਰੀਆਂ ’ਚ ਭੇਜਿਆ ਗਿਆ ਹੈ ਤਾਂ ਜੋ ਉਹ ਉਨ੍ਹਾਂ ਦਾ ਮਾਲ ਤਿਆਰ ਕਰ ਸਕਣ।
-ਆਈਏਐਨਐਸ