ਜੈਸਜ਼ੋਅ (ਪੋਲੈਂਡ), 8 ਸਤੰਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਯੂਕਰੇਨ ਤੇ ਹੋਰ ਯੂਰਪੀ ਮੁਲਕਾਂ ਲਈ 2 ਬਿਲੀਅਨ ਡਾਲਰ ਤੋਂ ਵੱਧ ਦੀ ਨਵੀਂ ਫ਼ੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸ੍ਰੀ ਬਲਿੰਕਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਯੂਕਰੇਨ ਤੇ ਇਸਦੇ 18 ਗੁਆਂਢੀ ਮੁਲਕਾਂ ਨੂੰ 2 ਬਿਲੀਅਨ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਏਗਾ, ਜੋ ਭਵਿੱਖ ਵਿੱਚ ਰੂਸੀ ਹਮਲੇ ਦੇ ਲਿਹਾਜ਼ ਨਾਲ ਸਭ ਤੋਂ ਵੱਧ ਸੰਭਾਵਿਤ ਜ਼ੋਖਮ ਦੇ ਦਾਇਰੇ ’ਚ ਹਨ।
ਯੂਕਰੇਨ ਦੇ ਇਨ੍ਹਾਂ ਗੁਆਂਢੀ ਮੁਲਕਾਂ ਵਿੱਚ ਨਾਟੋ ਮੈਂਬਰ ਤੇ ਖੇਤਰੀ ਸੁਰੱਖਿਆ ਭਾਈਵਾਲ ਵੀ ਸ਼ਾਮਲ ਹਨ। ਇਹ ਮਦਦ ਜਰਮਨੀ ਵਿੱਚ ਇੱਕ ਕਾਨਫਰੰਸ ਮੌਕੇ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਵੱਲੋਂ ਅੱਜ ਦਿਨ ’ਚ ਪਹਿਲਾਂ ਸਿਰਫ਼ ਯੂਕਰੇਨ ਲਈ ਐਲਾਨੀ 67.5 ਕਰੋੜ ਡਾਲਰ ਦੀ ਵਾਧੂ ਸੈਨਿਕ ਸਹਾਇਤਾ ਦੇ ਪੈਕੇਜ ਤੋਂ ਵੱਖਰੀ ਹੈ। ਇਸ ਪੈਕੇਜ ਵਿੱਚ ਭਾਰੀ ਹਥਿਆਰ, ਅਸਲਾ ਤੇ ਫ਼ੌਜੀ ਉਪਰਕਰਨਾਂ ਨਾਲ ਲੈਸ ਵਾਹਨ ਸ਼ਾਮਲ ਹਨ।
ਸ੍ਰੀ ਆਸਟਿਨ ਨੇ ਕਿਹਾ,‘ਜੰਗ ਇੱਕ ਹੋਰ ਮਹੱਤਵਪੂਰਨ ਪੜਾਅ ’ਤੇ ਹੈ। ਯੂਕਰੇਨ ਦੀ ਫ਼ੌਜ ਨੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਆਪਣੇ ਜੁਆਬੀ ਹਮਲਿਆਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਜੰਗ ਦੇ ਮੈਦਾਨ ’ਤੇ ਆਪਣੇ ਸਾਂਝੇ ਯਤਨਾਂ ਦੀ ਸਪੱਸ਼ਟ ਸਫ਼ਲਤਾ ਦੇਖ ਰਹੇ ਹਾਂ।’ ਯੂਕਰੇਨ ਦੇ ਰੱਖਿਆ ਸੰਪਰਕ ਗੁੱਟ ਦੀ ਇਸ ਮੀਟਿੰਗ ਵਿੱਚ ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਨਬਰਗ ਤੇ ਯੂਕਰੇਨ ਦੇ ਰੱਖਿਆ ਮੰਤਰੀ ਤੋਂ ਇਲਾਵਾ ਸਹਿਯੋਗੀ ਮੁਲਕਾਂ ਦੇ ਅਧਿਕਾਰੀ ਵੀ ਸ਼ਾਮਲ ਸਨ। ਸ੍ਰੀ ਬਾਇਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਦੇ ਐਲਾਨ ਨਾਲ ਹੁਣ ਤੱਕ ਅਮਰੀਕਾ ਵੱਲੋਂ ਯੂਕਰੇਨ ਨੂੰ 15.2 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। -ਏਪੀ