ਵਾਸ਼ਿੰਗਟਨ, 2 ਨਵੰਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਦੀਵਾਲੀ ਇਹ ਯਾਦ ਦਿਵਾਉਂਦੀ ਹੈ ਕਿ ਦੱਖਣ ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਮੁਲਕ ਨੂੰ ਕਿਵੇਂ ਖੁਸ਼ਹਾਲ ਬਣਾਇਆ ਹੈ। ਬਲਿੰਕਨ ਨੇ ਦੀਵਾਲੀ ਮੌਕੇ ਅਮਰੀਕੀ ਵਿਦੇਸ਼ ਮੰਤਰਾਲੇ ’ਚ ਹੋਏ ਪ੍ਰੋਗਰਾਮ ਦੌਰਾਨ ਕਿਹਾ ਕਿ ਦੀਵਾਲੀ ਦਾ ਤਿਉਹਾਰ ਪ੍ਰਕਾਸ਼ ਦੀ ਹਨੇਰੇ ’ਤੇ ਜਿੱਤ ਹੈ ਅਤੇ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਕ-ਦੂਜੇ ਦੀ ਦੇਖਭਾਲ ਕਰੇ। ਉਨ੍ਹਾਂ ਕਿਹਾ ਕਿ ਦੱਖਣ ਏਸ਼ਿਆਈ ਲੋਕਾਂ ’ਚ ਕਈ ਹਸਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ’ਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਅਤੇ ਉਪ ਵਿਦੇਸ਼ ਮੰਤਰੀ ਰਿਚ ਵਰਮਾ ਦੇ ਨਾਮ ਖਾਸ ਹਨ। ਉਨ੍ਹਾਂ ਦੱਸਿਆ ਕਿ 10 ਸਾਲ ਪਹਿਲਾਂ ਤਤਕਾਲੀ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਵਿਦੇਸ਼ ਮੰਤਰਾਲੇ ’ਚ ਦੀਵਾਲੀ ਮਨਾਈ ਸੀ ਅਤੇ ਉਸ ਮਗਰੋਂ ਹਰ ਸਾਲ ਦੀਵਾਲੀ ਮਨਾਈ ਜਾਂਦੀ ਹੈ। -ਪੀਟੀਆਈ