ਏਥਨਜ਼, 1 ਨਵੰਬਰ
ਤੁਰਕੀ ਤੋਂ ਆ ਰਹੀ ਇੱਕ ਕਿਸ਼ਤੀ ਖ਼ਰਾਬ ਮੌਸਮ ਕਾਰਨ ਏਵੀਆ ਅਤੇ ਐਂਡਰੋਸ ਟਾਪੂ ਵਿਚਾਲੇ ਪਲਟਣ ਕਾਰਨ ਉਸ ਵਿੱਚ ਸਵਾਰ ਦਰਜਨਾਂ ਪਰਵਾਸੀ ਲਾਪਤਾ ਹੋ ਗਏ। ਯੂਨਾਨੀ ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਵਿਅਕਤੀਆਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਕੋਸਟ ਗਾਰਡ ਨੇ ਅੱਜ ਦੱਸਿਆ ਕਿ ਯੂਨਾਨ ਦੀ ਰਾਜਧਾਨੀ ਏਥਨਜ਼ ਦੇ ਪੂਰਬ ਵਿੱਚ ਸਥਿਤ ਇਨ੍ਹਾਂ ਟਾਪੂਆਂ ਦੇ ਕਫੀਰਿਆ ਜਲਡਮਰੂ ਨੇੜੇ ਉਜਾੜ ਟਾਪੂ ’ਤੇ ਨੌ ਵਿਅਕਤੀ ਮਿਲੇ ਹਨ। ਕੋਸਟ ਗਾਰਡ ਵੱਲੋਂ ਬਚਾਏ ਗਏ ਵਿਅਕਤੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਕਿਸ਼ਤੀ ਡੁੱਬੀ ਤਾਂ ਉਸ ਵਿਚ ਲਗਪਗ 68 ਵਿਅਕਤੀ ਸਵਾਰ ਸਨ। ਮੰਗਲਵਾਰ ਤੜਕੇ ਇਸ ਕਿਸ਼ਤੀ ਵਿੱਚ ਸਵਾਰ ਯਾਤਰੀਆਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਉਹ ਮੁਸ਼ਕਲ ਵਿੱਚ ਹਨ, ਹਾਲਾਂਕਿ ਉਹ ਇਹ ਨਹੀਂ ਦੱਸ ਸਕੇ ਕਿ ਉਹ ਕਿੱਥੇ ਫਸੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਵਿਅਕਤੀਆਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। -ਏਪੀ