ਹਰਜੀਤ ਲਸਾੜਾ
ਬ੍ਰਿਸਬਨ, 11 ਫਰਵਰੀ
ਆਸਟਰੇਲੀਆ ਸਰਕਾਰ ਨੇ ਟੀਕਾਕਰਨ ਬਾਰੇ ਤਕਨੀਕੀ ਸਲਾਹਕਾਰ ਗਰੁੱਪ (ਏਟੀਜੀਆਈ) ਦੀ ਸਿਫ਼ਾਰਿਸ਼ ’ਤੇ ਕਰੋਨਾ ਮਹਾਮਾਰੀ ਦੇ ਸੰਭਾਵੀ ਖ਼ਤਰਿਆਂ ਨੂੰ ਦੇਖਦਿਆਂ ‘ਪੂਰੀ ਤਰ੍ਹਾਂ ਟੀਕਾਕਰਨ’ ਦੀ ਆਪਣੀ ਪਿਛਲੀ ਪਰਿਭਾਸ਼ਾ ਨੂੰ ਨਵਿਆਉਦਿਆਂ ਹੁਣ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪ੍ਰਾਇਮਰੀ ਵੈਕਸੀਨ ਕੋਰਸ ਤੋਂ ਬਾਅਦ ਬੂਸਟਰ ਸ਼ਾਟ ਨੂੰ ਲਾਜ਼ਮੀ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ‘ਪੂਰੀ ਤਰ੍ਹਾਂ ਟੀਕਾਕਰਨ’ ਵਾਲਾ ਮੰਨਿਆ ਜਾਵੇਗਾ। ਨਾਗਰਿਕਾਂ ਨੂੰ ਅਪਡੇਟ ਹੋਣ ਲਈ ਆਪਣੇ ਪ੍ਰਾਇਮਰੀ ਕੋਰਸ ਦੇ ਛੇ ਮਹੀਨਿਆਂ ਦੇ ਅੰਦਰ ਬੂਸਟਰ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਦੱਸਣਯੋਗ ਹੈ ਕਿ ਏਟੀਜੀਆਈ ਦੀ ਨਵੀਂ ਸਲਾਹ ਨੂੰ ਇੱਕ ਮੀਟਿੰਗ ਵਿਚ ਰਾਸ਼ਟਰੀ ਮੰਤਰੀ ਮੰਡਲ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇਹ ਨਿਯਮ ਆਸਟਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ’ਤੇ ਲਾਗੂ ਨਹੀਂ ਹੋਵੇਗਾ। ਜਿਹੜੇ ਬੂਸਟਰ ਲਈ ਯੋਗ ਨਹੀਂ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਇਮਰੀ ਵੈਕਸੀਨ ਕੋਰਸ ਤੋਂ ਬਾਅਦ ਸਹੀ ਮੰਨਿਆ ਜਾਵੇਗਾ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ, ‘ਇੱਕ ਵਿਅਕਤੀ ਅਪ-ਟੂ-ਡੇਟ ਹੈ ਜੇਕਰ ਉਸ ਨੇ ਆਪਣੀ ਉਮਰ ਅਤੇ ਵਿਅਕਤੀਗਤ ਸਿਹਤ ਜ਼ਰੂਰਤਾਂ ਲਈ ਸਿਫ਼ਾਰਿਸ਼ ਕੀਤੀਆਂ ਸਾਰੀਆਂ ਖੁਰਾਕਾਂ ਨੂੰ ਪੂਰਾ ਕਰ ਲਿਆ ਹੈ।’ ਨਵੇਂ ਨਿਯਮਾਂ ਅਨੁਸਾਰ ਜੇਕਰ ਕਿਸੇ ਦੇ ਆਖਰੀ ਪ੍ਰਾਇਮਰੀ ਕੋਰਸ ਦੀ ਖੁਰਾਕ ਨੂੰ ਛੇ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਹ ਬੂਸਟਰ ਲਈ ਯੋਗ ਹਨ, ਤਾਂ ਉਨ੍ਹਾਂ ਨੂੰ ‘ਓਵਰਡਿਊ’ ਮੰਨਿਆ ਜਾਵੇਗਾ।