ਦੋਹਾ, 1 ਸਤੰਬਰ
ਕਤਰ ਦੇ ਵਿਦੇਸ਼ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਤਾਲਿਬਾਨ ਨਾਲ ਨਾਤਾ ਤੋੜ ਕੇ ਰੱਖਣ ਨਾਲ ਅਸਥਿਰਤਾ ਵਧੇਗੀ। ਉਨ੍ਹਾਂ ਦੂਜੇ ਮੁਲਕਾਂ ਨੂੰ ਤਾਲਿਬਾਨ ਨਾਲ ਰਾਬਤਾ ਕਰਨ ਲਈ ਕਿਹਾ ਤਾਂ ਕਿ ਅਫ਼ਗਾਨਿਸਤਾਨ ਵਿਚ ਸੁਰੱਖਿਆ, ਸਮਾਜਿਕ ਤੇ ਆਰਥਿਕ ਫ਼ਿਕਰਾਂ ਦਾ ਹੱਲ ਕੱਢਿਆ ਜਾ ਸਕੇ। ਦੋਹਾ ਵਿਚ ਆਪਣੇ ਜਰਮਨ ਹਮਰੁਤਬਾ ਹੀਕੋ ਮਾਸ ਨਾਲ ਗੱਲਬਾਤ ਕਰਦਿਆਂ ਸ਼ੇਖ਼ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨੇ ਕਿਹਾ ‘ਜੇ ਅਸੀਂ ਸ਼ਰਤਾਂ ਲਾਉਂਦੇ ਹਾਂ ਤੇ ਰਾਬਤਾ ਖ਼ਤਮ ਕਰਦੇ ਹਾਂ ਤਾਂ ਇਕ ਖਲਾਅ ਪੈਦਾ ਹੋ ਜਾਵੇਗਾ, ਤੇ ਸਵਾਲ ਇਹ ਹੈ ਕਿ ਇਸ ਖਲਾਅ ਨੂੰ ਕੌਣ ਭਰੇਗਾ?’ ਜ਼ਿਕਰਯੋਗ ਹੈ ਕਿ ਕਤਰ ਨੇ ਤਾਲਿਬਾਨ ਨਾਲ ਅਮਰੀਕਾ ਦੀ ਹੋਈ ਸ਼ਾਂਤੀ ਵਾਰਤਾ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸ਼ੇਖ਼ ਮੁਹੰਮਦ ਨੇ ਕਿਹਾ ਕਿ ਤਾਲਿਬਾਨ ਨੂੰ ਸਰਕਾਰ ਵਜੋਂ ਮਾਨਤਾ ਦੇਣਾ ਤਰਜੀਹ ਨਹੀਂ ਹੈ। ਕਤਰੀ ਵਿਦੇਸ਼ ਮੰਤਰੀ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਅਮਰੀਕਾ ਦੇ ਜਾਣ ਤੋਂ ਬਾਅਦ ‘ਅਤਿਵਾਦ’ ਮੁੜ ਸਿਰ ਚੁੱਕ ਸਕਦਾ ਹੈ ਤੇ ਸਾਰਿਆਂ ਨੂੰ ਸਰਕਾਰ ਵਿਚ ਨੁਮਾਇੰਦਗੀ ਮਿਲਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਭੂਮਿਕਾ ਹੈ ਕਿ ਅਸੀਂ ਹਮੇਸ਼ਾ ਤਾਲਿਬਾਨ ਨੂੰ ਅਜਿਹੀ ਸਰਕਾਰ ਬਣਾਉਣ ਲਈ ਕਹਿੰਦੇ ਰਹੀਏ। ਅਲ-ਥਾਨੀ ਨੇ ਕਿਹਾ ਕਿ ਉਨ੍ਹਾਂ ਦੀ ਤਾਲਿਬਾਨ ਨਾਲ ਹਾਲ ਹੀ ਵਿਚ ਹੋਈ ਗੱਲਬਾਤ ਦਾ ਕੋਈ ਸਕਾਰਾਤਮਕ ਜਾਂ ਨਕਾਰਾਤਮਕ ਹੁੰਗਾਰਾ ਨਹੀਂ ਭਰਿਆ ਗਿਆ। ਕਤਰ ਨੇ ਅਫ਼ਗਾਨਿਸਤਾਨ ਦੇ ਨਵੇਂ ਸ਼ਾਸਕਾਂ ਨਾਲ ਹਾਲ ਹੀ ਵਿਚ ਗੱਲਬਾਤ ਕੀਤੀ ਹੈ। -ਆਈਏਐਨਐੱਸ