ਲੰਡਨ, 13 ਫਰਵਰੀ
ਬਰਤਾਨੀਆਂ ਵਿਚ ਮੀਡੀਆ ਵਾਚਡੌਗ ਨੇ ਖਾਲਸਾ ਟੀਵੀ ’ਤੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਸਿੱਧੇ ਤੌਰ ’ਤੇ ਹਿੰਸਾ ਅਤੇ ਅਤਿਵਾਦ ਲਈ ਉਕਸਾਉਣ ਦੇ ਮਕਸਦ ਨਾਲ ਸੰਗੀਤ ਵੀਡੀਓ ਅਤੇ ਚਰਚਾ ਨੂੰ ਪ੍ਰਸਾਰਤ ਕਰਨ ’ਤੇ 50,000 ਪੌਂਡ ਜੁਰਮਾਨਾ ਕੀਤਾ ਹੈ। ਬਰਤਾਨੀਆਂ ਸਰਕਾਰ ਦੁਆਰਾ ਮਨਜ਼ੂਰ ਮੀਡੀਆ ਰੈਗੂਲੇਟਰੀ ਅਥਾਰਟੀ ‘ਕਮਿਊਨੀਕੇਸ਼ਨਜ਼ ਆਫਿਸ’ (ਔਫਕਾਮ) ਨੇ ਫਰਵਰੀ ਅਤੇ ਨਵੰਬਰ 2019 ਦੀ ਜਾਂਚ ਦੇ ਨਤੀਜਿਆਂ ਦੇ ਅਧਾਰ ’ਤੇ ਇਹ ਹੁਕਮ ਜਾਰੀ ਕੀਤਾ ਹੈ। ਆਪਣੇ ਆਦੇਸ਼ ਵਿੱਚ ਸੰਚਾਰ ਵਿਭਾਗ ਨੇ ਕਿਹਾ ਕਿ ਕੇਟੀਵੀ ਉਸ ਦੀ ਜਾਂਚ ਬਾਰੇ ਦਫ਼ਤਰ ਵਿਭਾਗ ਦਾ ਬਿਆਨ ਪ੍ਰਸਾਰਿਤ ਕਰੇ ਤੇ ਅਜਿਹੇ ਸੰਗੀਤ ਵੀਡੀਓ ਜਾਂ ਚਰਚਾ ਨੂੰ ਪ੍ਰਸਾਰਿਤ ਨਾ ਕਰੇ। ਵਿਭਾਗ ਨੇ ਆਦੇਸ਼ ਵਿਚ ਕਿਹਾ, “ਔਫਕਾਮ ਨੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਖਾਲਸਾ ਟੈਲੀਵਿਜ਼ਨ ਲਿਮਟਿਡ ਨੂੰ 20,000 ਪੌਂਡ ਅਤੇ 30,000 ਪੌਂਡ ਦਾ ਜੁਰਮਾਨਾ ਲਗਾਇਆ ਹੈ। ਕੇਟੀਵੀ ‘ਤੇ 20,000 ਪੌਂਡ ਦਾ ਜ਼ੁਰਮਾਨਾ ਸੰਗੀਤ ਵੀਡੀਓ ਨਾਲ ਸਬੰਧਤ ਹੈ ਅਤੇ 30,000 ਪੌਂਡ ਜੁਰਮਾਨਾ ਵਿਚਾਰ ਵਟਾਂਦਰੇ ਦੇ ਪ੍ਰੋਗਰਾਮ ਬਾਰੇ ਹੈ।
ਸਾਲ 2018 ਵਿੱਚ ਚਾਰ, ਸੱਤ ਅਤੇ ਨੌਂ ਜੁਲਾਈ ਨੂੰ ਕੇਟੀਵੀ ਨੇ ‘ਬੱਗਾ ਅਤੇ ਸ਼ੇਰਾ’ ਗੀਤ ਲਈ ਸੰਗੀਤ ਵੀਡੀਓ ਪ੍ਰਸਾਰਿਤ ਕੀਤੀ। ਇਸ ਦੀ ਪੜਤਾਲ ਤੋਂ ਬਾਅਦ ਸੰਚਾਰ ਦਫਤਰ ਨੇ ਪਾਇਆ ਕਿ “ ਵੀਡੀਓ ਬ੍ਰਿਟੇਨ ਵਿਚ ਰਹਿੰਦੇ ਸਿੱਖਾਂ ਨੂੰ ਕਤਲ ਸਮੇਤ ਹਿੰਸਾ ਕਰਨ ਲਈ ਪ੍ਰਤੱਖ ਤੌਰ ’ਤੇ ਉਕਸਾ ਰਹੀ ਹੈ।” ਸੰਚਾਰ ਦਫਤਰ ਦੇਖਿਆ ਕਿ ਟੀਵੀ ’ਤੇ ਦਿੱਤੀ ਜਾ ਰਹੀ ਸਮੱਗਰੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਹੈ।