ਲੰਡਨ, 12 ਜੁਲਾਈ
ਬਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਅਗਲੇ ਪ੍ਰਧਾਨ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਦੇ ਲਿਹਾਜ਼ ਨਾਲ ਉਨ੍ਹਾਂ ਸ਼ੁਰੂਆਤੀ ਉਮੀਦਵਾਰਾਂ ’ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਆਪਣੀ ਨਾਮਜ਼ਦਗੀ ਲਈ ਸੰਸਦ ਦੇ 20 ਕੰਜ਼ਰਵੇਟਿਵ ਪਾਰਟੀ ਮੈਂਬਰਾਂ ਦੀ ਹਮਾਇਤ ਹਾਸਲ ਕਰ ਲਈ ਹੈ। ਇਸੇ ਦੌਰਾਨ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਇਸ ਚੋਣ ’ਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ।
ਬੋਰਿਸ ਜੌਹਨਸਨ ਦੀ ਥਾਂ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਨਾਮਜ਼ਦਗੀ ਰਸਮੀ ਤੌਰ ’ਤੇ ਸ਼ੁਰੂ ਹੋਣ ਨਾਲ ਯਾਰਕਸ਼ਾਇਰ ਦੇ ਰਿਚਮੰਡ ਤੋਂ 42 ਸਾਲਾ ਬਰਤਾਨਵੀ-ਭਾਰਤੀ ਸੰਸਦ ਮੈਂਬਰ ਰਿਸ਼ੀ ਸੂਨਕ ਦੌੜ ’ਚ ਅੱਗੇ ਮੰਨੇ ਜਾ ਰਹੇ ਹਨ। ਇਸ ਦੌੜ ’ਚ ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬਰੇਵਰਮੈਨ, ਵਿਦੇਸ਼ ਸਕੱਤਰ ਲਿਜ਼ ਟਰੱਸ, ਨਾਇਜੀਰਿਆਈ ਮੂਲ ਦੀ ਕੈਮੀ ਬੇਡਨੌਖ, ਸਾਬਕਾ ਵਿਦੇਸ਼ ਮੰਤਰੀ ਜੈਰੇਮੀ ਹੰਟ, ਟਰਾਂਸਪੋਰਟ ਮੰਤਰੀ ਗਰਾਂਟ ਸ਼ੈਪਸ, ਵਿਦੇਸ਼ ਮੰਤਰਾਲਾ ਦਫ਼ਤਰ ਦੇ ਅਧਿਕਾਰੀ ਰਹਿਮਾਨ ਚਿਸ਼ਤੀ ਅਤੇ ਸਾਬਕਾ ਸਿਹਤ ਮੰਤਰੀ ਸਾਜਿਦ ਜਾਵਿਦ ਸ਼ਾਮਲ ਹਨ। ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਵੀ ਇਸ ਦੌੜ ’ਚ ਸ਼ਾਮਲ ਹੋਣ ਬਾਰੇ ਸੋਚ ਰਹੇ ਹਨ ਤੇ ਕੰਜ਼ਰਵੇਟਿਵ ਪਾਰਟੀ ਦੇ ਕੱਟੜਪੰਥੀ ਬ੍ਰੈਗਜ਼ਿਟ ਹਮਾਇਤੀ ਧੜੇ ’ਚ ਚੰਗੀ ਹਮਾਇਤ ਹੋਣ ਨਾਲ ਆਖਰੀ ਸਮੇਂ ਨਾਜ਼ਮਦਗੀ ਦਾਖਲ ਕਰ ਸਕਦੇ ਹਨ। ਸੰਸਦ ਮੈਂਬਰਾਂ ਵੱਲੋਂ ਵੋਟਿੰਗ ਦਾ ਪਹਿਲਾ ਗੇੜ 13 ਜੁਲਾਈ ਨੂੰ ਹੋਵੇਗਾ। -ਪੀਟੀਆਈ
ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ
ਬੋਰਿਸ ਜੌਹਨਸਨ ਦੀ ਥਾਂ ਲੈਣ ਵਾਲੇ ਬਰਤਾਨੀਆ ’ਚ ਹਾਕਮ ਧਿਰ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਤੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਪੰਜ ਸਤੰਬਰ ਨੂੰ ਕੀਤਾ ਜਾਵੇਗਾ। ਪਾਰਟੀ ਲੀਡਰਸ਼ਿਪ ਦੀ ਚੋਣ ਲਈ ਜ਼ਿੰਮੇਵਾਰ ਬਾਡੀ ਨੇ ਇਹ ਜਾਣਕਾਰੀ ਦਿੱਤੀ। ‘1922 ਕਮੇਟੀ ਆਫ ਕੰਜ਼ਰਵੇਟਿਵ ਬੈਕਬੈਂਚ’ ਦੇ ਸੰਸਦ ਮੈਂਬਰਾਂ ਨੇ ਚੋਣ ਲਈ ਸਮਾਂ ਸਾਰਨੀ ਤੇ ਨਿਯਮ ਨਿਰਧਾਰਿਤ ਕੀਤੇ ਹਨ। -ਪੀਟੀਆਈ