ਦੁਬਈ, 20 ਦਸੰਬਰ
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਰੈਂਕਿੰਗ ਦੇ ਸਿਖਰਲੇ ਸਥਾਨ ’ਤੇ ਘੱਟ ਸਮੇਂ ਲਈ ਹੀ ਰਹਿ ਸਕੇ ਕਿਉਂਕਿ ਅੰਤਰਰਾਸ਼ਟਰੀ ਕਿ੍ਕਟ ਪਰਿਸ਼ਦ (ਆਈਸੀਸੀ) ਵੱਲੋਂ ਬੁਧਵਾਰ ਨੂੰ ਜਾਰੀ ਇਕ ਦਿਨਾ ਰੈਂਕਿੰਗ ’ਚ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜਮ ਨੇ ਉਸ ਨੂੰ ਪਹਿਲੇ ਸਥਾਨ ਤੋਂ ਹਟਾ ਦਿੱਤਾ ਹੈ। ਸ਼ੁਭਮਨ ਨੇ ਪਿਛਲੇ ਮਹੀਨੇ ਇਕ ਦਿਨਾ ਕੱਪ ਦੌਰਾਨ ਰੈਂਕਿੰਗ ’ਚ ਸਿਖਰਲਾ ਸਥਾਨ ਹਾਸਲ ਕੀਤਾ ਸੀ। ਉਸ ਨੇ ਵਿਸ਼ਵ ਕੱਪ ਤੋਂ ਬਾਅਦ ਕੋਈ ਇਕ ਦਿਨਾ ਮੈਚ ਨਹੀਂ ਖੇਡਿਆ ਹੈ। ਬਾਬਰ 824 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਜਦ ਕਿ ਸ਼ੁਭਮਨ 810 ਰੇਟਿੰਗ ਨਾਲ ਦੂਜੇ ਸਥਾਨ ’ਤੇ ਹੈ। ਇਸ ਰੈਂਕਿੰਗ ’ਚ ਇਸ ਤੋਂ ਬਾਅਦ ਭਾਰਤੀ ਟੀਮ ਦੇ ਤਜ਼ਰਬੇਕਾਰ ਖਿਡਾਰੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸ਼ਾਮਲ ਹਨ। ਸ਼੍ਰੇਅਸ ਅਈਅਰ 12ਵੇਂ ਸਥਾਨ ’ਤੇ ਖਿਸਕ ਗਿਆ ਹੈ ਜਦੋਂ ਕਿ ਲੋਕੇਸ਼ ਇਕ ਸਥਾਨ ਸੁਧਰ ਕੇ 16ਵੇਂ ਸਥਾਨ ’ਤੇ ਆ ਗਿਆ ਹੈ।