ਸੁਖਵੀਰ ਗਰੇਵਾਲ
ਕੈਲਗਰੀ, 24 ਦਸੰਬਰ
ਨਵੀਂ ਦਿੱਲੀ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ-ਮਜ਼ਦੂਰ ਅੰਦੋਲਨ ਲਈ ਜਿੱਥੇ ਪਰਵਾਸੀ ਪੰਜਾਬੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ, ਉਥੇ ਪਰਵਾਸੀ ਪੰਜਾਬੀਆਂ ਨੂੰ ਬਾਹਰਲੇ ਮੁਲਕਾਂ ਦੇ ਨਿਯਮਾਂ ਨਾਲ਼ ਵੀ ਜੂਝਣਾ ਪੈ ਰਿਹਾ ਹੈ। ਕਿਸਾਨ ਅੰਦੋਲਨ ਦੇ ਹੱਕ ਵਿੱਚ ਬਾਹਰਲੇ ਮੁਲਕਾਂ ’ਚ ਕਾਰ ਰੈਲੀਆਂ ਦਾ ਰੁਝਾਨ ਪੂਰੇ ਜ਼ੋਰਾਂ ’ਤੇ ਹੈ। ਇਸੇ ਲੜੀ ਤਹਿਤ ਕੈਲਗਰੀ ਵਿੱਚ ਵੀ 6 ਦਸੰਬਰ ਨੂੰ ਕਾਰ ਰੈਲੀ ਕੱਢੀ ਗਈ ਸੀ, ਜਿਸ ਵਿੱਚ ਸ਼ਾਮਲ 67 ਲੋਕਾਂ ਨੂੰ ਕੈਲਗਰੀ ਪੁਲੀਸ ਨੇ ਚਲਾਨ ਕੱਟ ਕੇ ਡਾਕ ਰਾਹੀਂ ਉਨ੍ਹਾਂ ਦੇ ਘਰੀਂ ਭੇਜ ਦਿੱਤਾ ਹੈ। ਕੈਲਗਰੀ ਪੁਲੀਸ ਦਾ ਕਹਿਣਾ ਹੈ ਕਿ ਰੈਲੀ ਵਿੱਚ ਸ਼ਾਮਲ ਲੋਕ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਉਧਰ ਪੀੜਤ ਲੋਕਾਂ ਨੇ ਕੈਲਗਰੀ ਪੁਲੀਸ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਰ ਰੈਲੀ ਵਿੱਚ ਸ਼ਾਮਲ ਲੋਕਾਂ ਦੇ ਤਾਂ ਪੁਲੀਸ ਨੇ ਚਲਾਨ ਕੱਟ ਦਿੱਤੇ, ਪਰ ਕੈਲਗਰੀ ਵਿੱਚ ਹੋ ਰਹੀਆਂ ਮਾਸਕ ਵਿਰੋਧੀ ਰੈਲੀਆਂ ਵਿੱਚ ਸ਼ਰੇਆਮ ਕੋਵਿਡ-19 ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਜੋ ਪੁਲੀਸ ਨੂੰ ਨਜ਼ਰ ਨਹੀਂ ਆਉਂਦੀ।
ਕਾਰ ਰੈਲੀ ’ਚ ਹਾਜ਼ਰੀ ਭਰਨ ਵਾਲੇ ਸਟੀਵਨ ਤੂਰ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ’ਚ ਆਪਣੇ ਪਰਿਵਾਰ ਨਾਲ ਸ਼ਾਮਲ ਹੋਇਆ ਸੀ, ਪਰ ਕੁਝ ਦਿਨਾਂ ਬਾਅਦ ਡਾਕ ਰਾਹੀਂ ਮਿਲੇ ਚਲਾਨ ਤੋਂ ਉਨ੍ਹਾਂ ਦਾ ਮਨ ਨਿਰਾਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਾਂਤਮਈ ਕਿਸਾਨ ਅੰਦੋਲਨ ਦੀ ਪੂਰਨ ਹਮਾਇਤ ਕੀਤੀ ਹੈ।
ਦੂਜੇ ਪਾਸੇ ਕੈਲਗਰੀ ਪੁਲੀਸ ਨੇ ਕਿਹਾ ਕਿ ਕਾਰ ਰੈਲੀ ਦੌਰਾਨ ਜਿਹੜੇ ਵਿਅਕਤੀ ਵਾਹਨਾਂ ਵਿੱਚ ਅਸੁਰੱਖਿਅਤ ਤਰੀਕੇ ਨਾਲ਼ ਸਵਾਰ ਸਨ, ਉਨ੍ਹਾਂ ਦੀ ਕੈਮਰੇ ਨਾਲ ਪਛਾਣ ਕਰਨ ਤੋਂ ਬਾਅਦ ਹੀ 67 ਚਲਾਨ ਕੱਟੇ ਗਏ ਹਨ। ਇਸ ਦੌਰਾਨ ਕੈਲਗਰੀ ਦੇ ਵਕੀਲ ਆਰੀਅਨ ਸਦਾਤ ਨੇ ਕਿਸਾਨ ਰੈਲੀ ਦੌਰਾਨ ਚਲਾਨ ਹਾਸਲ ਕਰਨ ਵਾਲੇ ਵਿਅਕਤੀਆਂ ਦੇ ਕੇਸ ਬਿਨਾਂ ਕਿਸੇ ਫੀਸ ਤੋਂ ਲੜਨ ਦਾ ਐਲਾਨ ਕੀਤਾ ਹੈ।