ਸਾਂ ਹੋਜ਼ੇ, 27 ਮਈ
ਕੈਲੀਫੋਰਨੀਆ ਦੇ ਸਾਂ ਹੋਜ਼ੇ ਵਿੱਚ ਰੇਲ ਯਾਰਡ ਦੇ ਇੱਕ ਮੁਲਾਜ਼ਮ ਵੱਲੋਂ ਕੀਤੀ ਗਈ ਭਿਆਨਕ ਗੋਲੀਬਾਰੀ ਦੀ ਘਟਨਾ ਵਿੱਚ ਅੱਠ ਜਣੇ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਭਾਰਤੀ ਮੂਲ ਦਾ ਪੰਜਾਬੀ ਵਿਅਕਤੀ ਵੀ ਸ਼ਾਮਲ ਹੈ ਜਿਸਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ ਜੋ ਆਪਣੇ ਪਿੱਛੇ ਪਤਨੀ, ਤਿੰਨ ਸਾਲ ਦਾ ਬੇਟਾ ਅਤੇ ਇੱਕ ਸਾਲ ਦੀ ਬੇਟੀ ਛੱਡ ਗਿਆ ਹੈ।
ਜਾਣਕਾਰੀ ਮੁਤਾਬਕ ਘਟਨਾ ਮਗਰੋਂ ਉਸ ਮੁਲਾਜ਼ਮ ਨੇ ਖੁਦਕੁਸ਼ੀ ਕਰ ਲਈ। ਗੋਲੀਬਾਰੀ ਦੀ ਘਟਨਾ ਬੁੱਧਵਾਰ ਸਵੇਰੇ ਕਰੀਬ 7.30 ਵਜੇ ‘ਵੈਲੀ ਟਰਾਂਸਪੋਰਟ ਅਥਾਰਟੀ’ (ਵੀਟੀਏ) ਦੀਆਂ ਦੋ ਇਮਾਰਤਾਂ ਵਿੱਚ ਵਾਪਰੀ। ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਲੌਰੀ ਸਮਿੱਥ ਨੇ ਕਿਹਾ,‘ਜਦੋਂ ਸਾਡੇ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ ਤਾਂ ਉਹ ਗੋਲੀਆਂ ਚਲਾ ਰਿਹਾ ਸੀ। ਬਾਅਦ ਵਿੱਚ ਉਸਨੇ ਆਪਣੀ ਜਾਨ ਲੈ ਲਈ।’ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਲੋਕ ਏਜੰਸੀ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਮ੍ਰਿਤਕਾਂ ਦੀ ਪਛਾਣ ਪੌਲ ਮੇਗੀਆ (42), ਤਪਤੇਜਦੀਪ ਸਿੰਘ (36), ਐਡ੍ਰਿਅਨ ਬੈਲੇਜਾ (29), ਜੋਸ ਡੇਜੀਸਸ ਹਰਨਾਂਡੇਜ (35), ਟਿਮੋਥੀ ਮਾਈਕਲ ਰੋਮੋ (49), ਮਾਈਕਲ ਜੋਸੇਫ ਰੂਡੋਮੇਟਕਿਨ (40), ਅਬਦੁਲਬਹਾਵ ਅਲਗਮੰਦਾਨ (63) ਅਤੇ ਲਾਰਸ ਕੈਪਲਪਰ ਲੇਨ (63) ਵਜੋਂ ਹੋਈ ਹੈ। ਘਟਨਾ ਵਿੱਚ ਜ਼ਖਮੀ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ। ਸਾਂ ਫਰਾਂਸਿਸਕੋ ਬੇਅ ਏਰੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਤਪਤੇਜਦੀਪ ਸਿੰਘ ਨੂੰ ‘ਸਾਰਿਆਂ ਦੀ ਮਦਦ ਕਰਨ ਵਾਲਾ ਤੇ ਖਿਆਲ ਰੱਖਣ ਵਾਲਾ’ ਵਿਅਕਤੀ ਦੱਸਿਆ ਹੈ। ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ (ਵੀਟੀਏ) ਦੇ ਸਾਥੀ ਮੁਲਾਜ਼ਮਾਂ ਨੇ ਉਸ ਨੂੰ ‘ਨਾਇਕ’ ਦੱਸਦਿਆਂ ਕਿਹਾ ਕਿ ਉਹ ਦੂਜਿਆਂ ਨੂੰ ਬਚਾਉਣ ਲਈ ਕਮਰੇ ਤੋਂ ਬਾਹਰ ਚਲਾ ਗਿਆ, ਜਿੱਥੇ ਉਸ ਦੇ ਕੁਝ ਹੋਰ ਸਹਿ-ਕਰਮੀ ਲੁਕੇ ਹੋਏ ਸਨ। ਸਿੰਘ ਪਿਛਲੇ ਨੌਂ ਸਾਲਾਂ ਤੋਂ ਵੀਟੀਏ ਵਿੱਚ ਲਾਈਟ ਰੇਲ ਅਪਰੇਟਰ ਸੀ।
ਪਿੰਡ ਗਗੜੇਵਾਲ ਦਾ ਵਸਨੀਕ ਸੀ ਨੌਜਵਾਨ
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਤਪਤੇਜਦੀਪ ਸਿੰਘ ਪਿੰਡ ਗਗੜੇਵਾਲ ਦਾ ਜੰਮਪਲ ਸੀ ਅਤੇ ਇਸ ਸਮੇਂ ਕੈਲੀਫੋਰਨੀਆ ਸ਼ਹਿਰ ਵਿੱਚ ਰਹਿ ਰਿਹਾ ਸੀ। ਇਸ ਸਬੰਧੀ ਮ੍ਰਿਤਕ ਦੇ ਤਾਏ ਇੰਦਰਪਾਲ ਸਿੰਘ ਗਿੱਲ ਅਤੇ ਚਚੇਰੇ ਭਰਾ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਤਪਤੇਜਦੀਪ ਸਿੰਘ ਬੀਤੇ 13-14 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਰਹਿ ਰਿਹਾ ਸੀ ਅਤੇ ਜੋਸਫ ਰੇਲ ਯਾਰਡ ਵਿੱਚ ਕੰਮ ਕਰਦਾ ਸੀ। ਇਸ ਘਟਨਾ ਦੀ ਖ਼ਬਰ ਜਿਉਂ ਹੀ ਫੋਨ ਰਾਹੀਂ ਪਿੰਡ ਪੁੱਜੀ ਤਾਂ ਸੋਗ ਵਾਲਾ ਮਾਹੌਲ ਬਣ ਗਿਆ।